ਇੰਦਰਪ੍ਰੀਤ ਪੈਰੀ ਦਾ ਸਸਕਾਰ
ਇੱਥੇ ਸੈਕਟਰ 26 ਸਥਿਤ ਟਿੰਬਰ ਮਾਰਕੀਟ ਵਿੱਚ ਦੋ ਦਿਨ ਪਹਿਲਾਂ ਕਤਲ ਕੀਤੇ ਇੰਦਰਪ੍ਰੀਤ ਪੈਰੀ ਦਾ ਅੱਜ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ ਹੈ। ਪੈਰੀ ਦੀ ਚਿਤਾ ਨੂੰ ਅੱਗ ਉਸ ਦੇ ਭਰਾ ਨੇ ਦਿੱਤੀ। ਇਸ ਦੌਰਾਨ ਪੀੜਤ ਪਰਿਵਾਰ ਤੋਂ...
ਇੱਥੇ ਸੈਕਟਰ 26 ਸਥਿਤ ਟਿੰਬਰ ਮਾਰਕੀਟ ਵਿੱਚ ਦੋ ਦਿਨ ਪਹਿਲਾਂ ਕਤਲ ਕੀਤੇ ਇੰਦਰਪ੍ਰੀਤ ਪੈਰੀ ਦਾ ਅੱਜ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ ਹੈ। ਪੈਰੀ ਦੀ ਚਿਤਾ ਨੂੰ ਅੱਗ ਉਸ ਦੇ ਭਰਾ ਨੇ ਦਿੱਤੀ। ਇਸ ਦੌਰਾਨ ਪੀੜਤ ਪਰਿਵਾਰ ਤੋਂ ਇਲਾਵਾ ਪੈਰੀ ਦੇ ਦੋਸਤ ਅਤੇ ਸ਼ਹਿਰ ਦੇ ਸਿਆਸੀ ਆਗੂ ਮੌਜੂਦ ਰਹੇ। ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਪੈਰੀ ਦੇ ਸਸਕਾਰ ਤੋਂ ਬਾਅਦ ਪੀੜਤ ਪਰਿਵਾਰ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਕਈ ਦਿਨਾਂ ਤੋਂ ਪੈਰੀ ਦਾ ਪਿੱਛਾ ਕੀਤਾ ਜਾ ਰਿਹਾ ਸੀ।
ਪੈਰੀ ਦੇ ਕਤਲ ਨੂੰ 48 ਘੰਟੇ ਬੀਤਣ ਦੇ ਬਾਵਜੂਦ ਚੰਡੀਗੜ੍ਹ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗ ਸਕਿਆ ਹੈ। ਚੰਡੀਗੜ੍ਹ ਪੁਲੀਸ ਵੱਲੋਂ ਮਾਮਲੇ ਸਬੰਧੀ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੁਲੀਸ ਨੂੰ ਪੈਰੀ ਦੇ ਸਨੈਪਚੈਟ ਤੋਂ ਕੁਝ ਸੁਰਾਗ ਜ਼ਰੂਰ ਹੱਥ ਲੱਗੇ ਹਨ।
ਲਾਰੈਂਸ ਤੇ ਗੋਲਡੀ ਬਰਾੜ ਆਹਮੋ-ਸਾਹਮਣੇ
ਚੰਡੀਗੜ੍ਹ ਵਿੱਚ ਇੰਦਰਪ੍ਰੀਤ ਪੈਰੀ ਦੀ ਮੌਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਏ ਜਾਣ ਤੋਂ ਬਾਅਦ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਨੂੰ ਗ਼ਦਾਰ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵੀ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ। ਅੱਜ ਲਾਰੈਂਸ ਗੈਂਗ ਦੇ ਹੈਰੀ ਬਾਕਸਰ ਵੱਲੋਂ ਆਡੀਓ ਮੈਸੇਜ ਜਾਰੀ ਕਰ ਕੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਗੋਲਡੀ ਬਰਾੜ ਨੇ ਲਾਰੈਂਸ ਨਾਲ ਗ਼ਦਾਰੀ ਕੀਤੀ ਹੈ। ਇਸ ਦੇ ਨਾਲ ਹੀ ਲਾਰੈਂਸ ਗੈਂਗ ਦੇ ਹੈਰੀ ਬਾਕਸਰ ਨੇ ਗੋਲਡੀ ਬਰਾੜ ਨੂੰ ਸਾਹਮਣੇ ਆ ਕੇ ਲੜਾਈ ਲੜਨ ਤੱਕ ਦੀ ਧਮਕੀ ਦਿੱਤੀ ਹੈ। ਹਾਲਾਂਕਿ ਚੰਡੀਗੜ੍ਹ ਪੁਲੀਸ ਵੱਲੋਂ ਸੋਸ਼ਲ ਮੀਡੀਆ ਪੋਸਟਾਂ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਵਿਚਕਾਰ ਚੱਲ ਰਹੀ ਤਕਰਾਰ ਦੀ ਵੀ ਜਾਂਚ ਕਰ ਰਹੀ ਹੈ।

