ਪ੍ਰਾਪਰਟੀ ਟੈਕਸ ’ਚ ਵਾਧਾ ਲੋਕਾਂ ਦੀਆਂ ਜੇਬਾਂ ’ਤੇ ਡਾਕਾ: ਅਮਨਜੋਤ ਕੌਰ
ਭਾਜਪਾ ਦੀ ਕੇਂਦਰੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਘਰੇਲੂ ਤੇ ਰਿਹਾਇਸ਼ੀ ਇਮਾਰਤਾਂ ’ਤੇ ਵਧਾਏ ਪ੍ਰਾਪਰਟੀ ਟੈਕਸ ਦੀ ਨਿੰਦਾ ਕਰਦਿਆਂ ਇਸ ਨੂੰ ਆਮ ਲੋਕਾਂ ਦੀ ਜੇਬ ਉੱਤੇ ਸਿੱਧਾ ਡਾਕਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਨਾਜਾਇਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਰਪਰੇਟ ਘਰਾਣਿਆਂ ਨੂੰ ਛੱਡ ਰਹੀ ਹੈ ਅਤੇ ਟੈਕਸ ਸਿਰਫ ਛੋਟੇ ਵਪਾਰੀਆਂ ਰੈਸਟੋਰੈਂਟਾਂ ਤੇ ਘਰਾਂ ਉੱਪਰ ਲਗਾਇਆ ਜਦਕਿ ਮਲਟੀ ਕੰਪਲੈਕਸਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਵੱਡੇ ਘਰਾਣਿਆਂ ਨਾਲ ਰਲੀ ਹੋਈ ਹੈ ਤੇ ਆਮ ਜਨਤਾ ਤੇ ਨਜਾਇਜ ਬੋਝ ਪਾ ਰਹੀ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਅਤੇ ਵਪਾਰਾਂ ਦੇ ਵਿੱਚ ਲਗਾਤਾਰ ਪੈ ਰਹੇ ਘਾਟੇ ਅਤੇ ਬਾਜ਼ਾਰ ਦੇ ਮੰਦੀਕਰਨ ਕਾਰਨ ਲੋਕਾਂ ਦੀ ਆਰਥਿਕ ਪੱਖੋਂ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਸਰਕਾਰ ਨੇ ਛੋਟੇ ਦੁਕਾਨਦਾਰਾਂ ਛੋਟੇ ਵਪਾਰੀਆਂ ਨੂੰ ਕੋਈ ਰਿਆਇਤ ਤਾਂ ਕੀ ਦੇਣੀ ਸੀ, ਉਲਟਾ ਉਹਨਾਂ ਉੱਤੇ ਇਹ ਪ੍ਰੋਪਰਟੀ ਟੈਕਸ ਦਾ ਵਾਧਾ ਕਰਕੇ ਹੋਰ ਬੋਝ ਪਾ ਦਿੱਤਾ ਹੈ।