ਅਤਿ ਦੀ ਗਰਮੀ ਕਾਰਨ ਪੇਚਸ਼ ਦੇ ਕੇਸਾਂ ਵਿੱਚ ਵਾਧਾ
ਪੀਪੀ ਵਰਮਾ
ਪੰਚਕੂਲਾ, 13 ਜੂਨ
ਗਰਮੀ ਵਧਣ ਕਾਰਨ ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਪੇਚਸ਼ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਅਤੇ ਹਸਪਤਾਲ ਵਿੱਚ ਇਸ ਸਬੰਧੀ ਸੌ ਤੋਂ ਵੱਧ ਕੇਸ ਆ ਰਹੇ ਹਨ। ਜਦਕਿ ਇਸ ਤੋਂ ਦੁੱਗਣੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਰਹੇ ਹਨ। ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਵਾਇਰਲ ਬੁਖ਼ਾਰ ਅਤੇ ਇਨਫੈਕਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਦੂਜੇ ਪਾਸੇ ਦਮੇ, ਦਿਲ ਦਾ ਦੌਰਾ ਅਤੇ ਸ਼ੂਗਰ ਸਮੇਤ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਮੱਸਿਆ ਵਧੀ ਹੈ। ਇਸ ਤੋਂ ਇਲਾਵਾ ਐੱਮਡੀ ਮੈਡੀਸ਼ਨ ਅਤੇ ਬੱਚਿਆਂ ਦੀ ਓਪੀਡੀ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧੀ ਹੈ। ਪੀਐਮਓ ਆਰਐਸ ਚੌਹਾਨ ਨੇ ਕਿਹਾ ਕਿ ਗਰਮੀ ਨੂੰ ਦੇਖਦੇ ਹੋਏ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ ਹੈ। ਦਸ ਦਿਨਾਂ ਵਿੱਚ ਹਸਪਤਾਲ ਵਿੱਚ ਮਰੀਜ਼ਾਂ ਦੀ ਓਪੀਡੀ ਪੰਜ ਹਜ਼ਾਰ ਤੱਕ ਪਹੁੰਚ ਗਈ ਹੈ। ਇਸ ਵਿੱਚ ਪੰਜ ਸੌ ਮਰੀਜ਼ ਵਧੇ ਹਨ। ਬੱਚਿਆਂ ਦੀ ਓਪੀਡੀ ਵਿੱਚ ਸੌ ਮਰੀਜ਼ ਵਧੇ ਹਨ ਅਤੇ ਐਮਡੀ ਮੈਡੀਸਨ ਓਪੀਡੀ ਵਿੱਚ 150 ਮਰੀਜ਼ ਵਧੇ ਹਨ।
ਇਸ ਤੋਂ ਇਲਾਵਾ ਈਐਨਟੀ ਅਤੇ ਅੱਖਾਂ ਦੇ ਮਰੀਜ਼ ਵੀ ਵਧੇ ਹਨ। ਪੰਚਕੂਲਾ ਦੇ ਐਮਡੀ ਮੈਡੀਸਨ ਅਸ਼ਵਨੀ ਭਟਨਾਗਰ ਨੇ ਕਿਹਾ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਦਮਾ, ਸਾਹ, ਫੇਫੜਿਆਂ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਜੋ ਮਰੀਜ਼ ਪਹਿਲਾਂ ਹੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਤਲਿਆ ਹੋਇਆ ਖਾਣਾ ਨਹੀਂ ਖਾਣਾ ਚਾਹੀਦਾ ਅਤੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ।