ਅੰਬੇਡਕਰ ਇੰਸਟੀਚਿਊਟ ’ਚ ਬਾਲ ਰੋਗ ਬਲਾਕ ਦਾ ਉਦਘਾਟਨ
ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧਾ ਕੇ 1,100 ਕਰਨ ਦਾ ਵਾਅਦਾ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਮੁਹਾਲੀ ਵਿੱਚ ਬਾਲ ਦਿਵਸ ਮੌਕੇ ਡਾਕਟਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਇੱਕ ਨਵੇਂ 50 ਬਿਸਤਰਿਆਂ ਵਾਲੇ ਬੱਚਿਆਂ ਦੇ ਰੋਗਾਂ ਦੇ ਬਲਾਕ ਦਾ ਉਦਘਾਟਨ ਕੀਤਾ। ਇਹ ਬਲਾਕ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ, ਹਾਈ ਡਿਪੈਂਡੈਂਸੀ ਯੂਨਿਟ, ਪਲੇਰੂਮ, ਪੀਡੀਆਟ੍ਰਿਕ ਸਕਿੱਲ ਲੈਬ, ਅਤੇ ਬਾਲ-ਅਨੁਕੂਲ ਵਾਰਡਾਂ ਨਾਲ ਲੈਸ ਹੈ। ਇਸ ਤੋਂ ਪਹਿਲਾਂ, ਡਾ. ਬਲਬੀਰ ਸਿੰਘ ਨੇ ਫੇਜ਼ 7 ਵਿੱਚ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ।
ਏਮਜ਼ ਮੁਹਾਲੀ ਦੀ ਪ੍ਰਸ਼ੰਸਾ ਕਰਦੇ ਹੋਏ, ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਸੰਸਥਾ ਜਲਦੀ ਹੀ ਬਲਾਕ 2 ਵਿੱਚ ਇੱਕ ਸਮਰਪਿਤ ਪੀਡੀਆਟ੍ਰਿਕ ਐਮਰਜੈਂਸੀ ਰੂਮ ਸਥਾਪਤ ਕਰੇਗੀ, ਜੋ ਪੰਜਾਬ ਵਿੱਚ ਬੱਚਿਆਂ ਲਈ ਵਿਸ਼ੇਸ਼ ਐਮਰਜੈਂਸੀ ਦੇਖਭਾਲ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ‘ਬੁੱਕ ਇਨ ਏ ਨੁੱਕ’ ਕਾਰਨਰ ਵੀ ਖੋਲਿਆ ਗਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਮੌਜੂਦਾ 881 ਤੋਂ ਵਧਾ ਕੇ 1100 ਕੀਤੀ ਜਾਵੇਗੀ, ਜਿਸ ਨਾਲ ਪ੍ਰਾਇਮਰੀ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੇ ਰੋਪੜ ਵਿਖੇ ਪੁਖਤਾ ਡਾਕਟਰੀ ਪ੍ਰਬੰਧ ਹੋਣਗੇ। ਇਸ ਦੌਰਾਨ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੇ ਪ੍ਰਸਿੱਧ ਬਾਲ ਰੋਗ ਵਿਗਿਆਨੀ ਤੇ ਨਿਓਨੇਟੋਲੋਜਿਸਟ ਡਾ. ਆਰ. ਐਸ. ਬੇਦੀ ਵਿਚਕਾਰ ਸਮਝੌਤਾ ਪੱਤਰ ’ਤੇ ਦਸਤਖਤ ਵੀ ਕੀਤੇ।

