ਸਨੇਟਾ ਦੀ ਅਨਾਜ ਮੰਡੀ ਦੇ ਕੰਮ ਨੇਪਰੇ ਨਾ ਚੜ੍ਹਨ ਕਾਰਨ ਉਦਘਾਟਨੀ ਸਮਾਰੋਹ ਮੁਲਤਵੀ
ਪਿੰਡ ਸਨੇਟਾ ਵਿੱਚ 13 ਸਾਲਾਂ ਬਾਅਦ ਪੰਜ ਏਕੜ ਥਾਂ ਵਿਚ ਉਸਾਰੀ ਜਾ ਰਹੀ ਨਵੀਂ ਅਨਾਜ ਮੰਡੀ ਦਾ 24 ਸਤੰਬਰ ਨੂੰ ਹੋਣ ਵਾਲਾ ਉਦਘਾਟਨੀ ਸਮਾਰੋਹ ਮੁਲਤਵੀ ਹੋ ਗਿਆ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਕੁਲਵੰਤ ਸਿੰਘ ਮੁਹਾਲੀ ਨੇ ਇਸ ਮੰਡੀ...
ਪਿੰਡ ਸਨੇਟਾ ਵਿੱਚ 13 ਸਾਲਾਂ ਬਾਅਦ ਪੰਜ ਏਕੜ ਥਾਂ ਵਿਚ ਉਸਾਰੀ ਜਾ ਰਹੀ ਨਵੀਂ ਅਨਾਜ ਮੰਡੀ ਦਾ 24 ਸਤੰਬਰ ਨੂੰ ਹੋਣ ਵਾਲਾ ਉਦਘਾਟਨੀ ਸਮਾਰੋਹ ਮੁਲਤਵੀ ਹੋ ਗਿਆ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਕੁਲਵੰਤ ਸਿੰਘ ਮੁਹਾਲੀ ਨੇ ਇਸ ਮੰਡੀ ਦਾ ਉਦਘਾਟਨ ਕਰਨਾ ਸੀ। ਜਾਣਕਾਰੀ ਅਨੁਸਾਰ ਮੰਡੀ ਦੇ ਲੋੜੀਂਦੇ ਵਿਕਾਸ ਕੰਮ ਨੇਪਰੇ ਨਾ ਚੜ੍ਹਨ ਕਾਰਨ ਮੰਡੀ ਦਾ ਉਦਘਾਟਨੀ ਸਮਾਰੋਹ ਮੁਲਤਵੀ ਹੋ ਗਿਆ। ਮੰਡੀ ਦੇ ਕਈ ਕੰਮ ਹਾਲੇ ਤੱਕ ਅਧੂਰੇ ਹਨ ਅਤੇ ਖਾਸ ਕਰਕੇ ਮੁੱਖ ਸੜਕ ਤੋਂ ਮੰਡੀ ਨੂੰ ਜਾਂਦਾ ਰਸਤਾ ਵੀ ਹਾਲੇ ਤੱਕ ਪੱਕਾ ਨਹੀਂ ਹੋਇਆ ਹੈ, ਕਿਉਂਕਿ ਮੰਡੀ ਬੋਰਡ ਵੱਲੋਂ ਪੰਚਾਇਤ ਕੋਲੋਂ ਡੀਸੀ ਰੇਟ ’ਤੇ ਰਸਤੇ ਲਈ ਜ਼ਮੀਨ ਮੰਗੀ ਜਾ ਰਹੀ ਹੈ, ਜਦੋਂ ਕਿ ਪੰਚਾਇਤ ਮਾਰਕੀਟ ਕੀਮਤ ਤੋਂ ਘੱਟ ਜ਼ਮੀਨ ਦੇਣ ਲਈ ਤਿਆਰ ਨਹੀਂ ਹੈ।
2012 ਵਿਚ ਇਸ ਮੰਡੀ ਲਈ ਡੀ ਸੀ ਰੇਟ ’ਤੇ ਸਨੇਟਾ ਦੀ ਪੰਚਾਇਤ ਕੋਲੋਂ ਪੰਜ ਏਕੜ ਜ਼ਮੀਨ ਲਈ ਗਈ ਸੀ ਪਰ ਕਿਸੇ ਵੀ ਸਰਕਾਰ ਨੇ ਮੰਡੀ ਦੀ ਉਸਾਰੀ ਵੱਲ ਧਿਆਨ ਨਹੀਂ ਦਿੱਤਾ। ਇਲਾਕਾ ਵਾਸੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਇਹ ਮਾਮਲਾ ਉਠਾਏ ਜਾਣ ਉਪਰੰਤ ਜਨਵਰੀ ਵਿਚ ਖੇਤੀ ਮੰਤਰੀ ਨੇ ਮੰਡੀ ਦਾ ਨੀਂਹ ਪੱਥਰ ਰੱਖਿਆ ਸੀ। ਪੰਚਾਇਤ ਵਿਭਾਗ ਦੇ ਐਕਸ਼ੀਅਨ ਸੁਖਵਿੰਦਰ ਸਿੰਘ ਅਤੇ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ 24 ਸਤੰਬਰ ਦਾ ਉਦਘਾਟਨੀ ਸਮਾਗਮ ਮੁਲਤਵੀ ਹੋਣ ਦੀ ਪੁਸ਼ਟੀ ਕੀਤੀ ਗਈ। ਵਿਧਾਇਕ ਨੇ ਦੱਸਿਆ ਕਿ ਮੰਡੀ ਦੇ ਸਾਰੇ ਕੰਮ ਮੁਕੰਮਲ ਕਰਾਉਣ ਉਪਰੰਤ ਜਲਦੀ ਹੀ ਸਨੇਟਾ ਦੀ ਅਨਾਜ ਮੰਡੀ ਦਾ ਉਦਘਾਟਨ ਕੀਤਾ ਜਾਵੇਗਾ।