DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੱਖ-ਵੱਖ ਥਾਈਂ ਲੰਗਰ ਲਾਏ

ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ; ਵੱਡੀ ਗਿਣਤੀ ਸੰਗਤ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ
  • fb
  • twitter
  • whatsapp
  • whatsapp
featured-img featured-img
ਮੁਹਾਲੀ ਵਿੱਚ ਲੰਗਰ ਵਰਤਾਉਂਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਹੋਰ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 28 ਦਸੰਬਰ

Advertisement

ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਥੋਂ ਦੇ ਵਾਈਪੀਐਸ ਚੌਕ, ਮਦਨਪੁਰਾ ਚੌਕ, ਦਸਮੇਸ਼ ਵੈੱਲਫੇਅਰ ਸੁਸਾਇਟੀ ਵੱਲੋਂ ਫੇਜ਼-7 ਵਿਖੇ ਕੌਂਸਲਰ ਪਰਮਜੀਤ ਸਿੰਘ ਹੈਪੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ’ਤੇ ਲਗਾਏ ਲੰਗਰਾਂ ਵਿੱਚ ਸੇਵਾ ਕੀਤੀ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲੰਗਰ ਵਰਤਾਉਣ ਦੀ ਅਟੁੱਟ ਸੇਵਾ ਨਿਭਾਈ ਅਤੇ ਸਾਹਿਬਜ਼ਾਦਿਆਂ ਵੱਲੋਂ ਧਰਮ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਨੂੰ ਸਿਜਦਾ ਕੀਤਾ।

ਉਨ੍ਹਾਂ ਲੰਗਰ ਲਗਾਉਣ ਵਾਲੀ ਸਾਰੀ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਅਹੁਦੇਦਾਰਾਂ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਹੋਰਨਾਂ ਸੰਸਥਾਵਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਸ਼ਹਾਦਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾ ਚੰਗੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਮਾਰਗ ’ਤੇ ਚਲਦੇ ਹੋਏ ਧਰਮ ਅਤੇ ਮਾਨਵਤਾ ਦੀ ਰੱਖਿਆ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ।

ਚੰਡੀਗੜ੍ਹ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਅਤੇ ਸਮੂਹ ਸਾਧ ਸੰਗਤ ਪਿੰਡ ਬੁਟੇਰਲਾ (ਸੈਕਟਰ 41-ਬੀ) ਚੰਡੀਗੜ੍ਹ ਵੱਲੋਂ ਲਗਾਇਆ ਗਿਆ ਤਿੰਨ ਦਿਨਾ ਲੰਗਰ ਅੱਜ ਸਮਾਪਤ ਹੋ ਗਏ। ਕਲਾਕਾਰ ਬਨਿੰਦਰ ਬੰਨੀ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਤਿੰਨੋਂ ਦਿਨ ਲੰਗਰ ਤਿਆਰ ਕਰਨ, ਵਰਤਾਉਣ, ਭਾਂਡੇ ਮਾਂਜਣ ਸਮੇਤ ਹਰ ਪ੍ਰਕਾਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

ਕੁਰਾਲੀ (ਪੱਤਰ ਪ੍ਰੇਰਕ): ਇੱਥੋਂ ਦੇ ਗੁਰਦੁਆਰਾ ਹਰਗੋਬਿੰਦਗੜ੍ਹ ਸਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੋਰਿੰਡਾ ਰੋਡ ’ਤੇ ਪਕੌੜਿਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ। ਇੱਥੋਂ ਨੇੜਲੇ ਪਿੰਡ ਬੜੌਦੀ ਦੇ ਟੌਲ ਪਲਾਜ਼ੇ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਮੌਕੇ ਢਾਡੀ ਜਥਿਆਂ ਵੱਲੋਂ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਸਿਜਦਾ ਕੀਤਾ ਗਿਆ। ਦਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ’ਤੇ ਜਾਣ ਵਾਲੀ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਮਾਸਟਰ ਹਰਨੇਕ ਸਿੰਘ ਮਾਵੀ, ਭਾਗ ਸਿੰਘ ਫਾਟਵਾਂ, ਮੇਵਾ ਸਿੰਘ ਖਿਜਰਾਬਾਦ, ਰਵਿੰਦਰ ਸਿੰਘ ਬਿੰਦਰਖ, ਹਰਮੇਸ਼ ਸਿੰਘ ਬੜੌਦੀ ਹਾਜ਼ਰ ਸਨ।

ਪਿੰਡ ਬੁਟੇਰਲਾ ਵਿੱਚ ਲੰਗਰ ਵਰਤਾਉਂਦੇ ਹੋਏ ਸੇਵਾਦਾਰ।

ਮੋਰਿੰਡਾ (ਪੱਤਰ ਪ੍ਰੇਰਕ): ਇੱਥੋਂ ਦੇ ਸਰਹਿੰਦ ਬਾਈਪਾਸ ਨੇੜੇ ਸਪੋਰਟ ਨੀਡਸ ਫਾਊਂਡੇਸ਼ਨ ਵੱਲੋਂ ਸਿਹਤ ਜਾਂਚ ਕੈਂਪ ਅਤੇ ਲੰਗਰ ਲਗਾਇਆ ਗਿਆ। ਪੀਸੀਐੱਸ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੀ ਯਾਦ ਵਿੱਚ ਚਾਹ, ਬਰੈੱਡ, ਪਕੌੜੇ, ਖੀਰ, ਦੁੱਧ ਅਤੇ ਪਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਫੋਰਟਿਸ ਹਸਪਤਾਲ ਮੁਹਾਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਚੈਕਅਪ ਕੈਂਪ ਲਗਾਇਆ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਜੈ ਸ਼ਰਮਾ, ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ, ਮਨਜੀਤ ਸਿੰਘ ਔਲਖ, ਸੁਨੀਲ, ਪ੍ਰਭਜੋਤ ਕੌਰ, ਪਰਮਜੀਤ ਸਿੰਘ, ਸੁਰਿੰਦਰ ਰਾਣਾ, ਗੁਰਵਿੰਦਰ ਸਿੰਘ ਮਾਹੀ, ਅਜੇ ਕੁਮਾਰ ਰਿੰਕੂ, ਕੌਂਸਲਰ ਰਾਕੇਸ਼ ਕੁਮਾਰ ਬੱਗਾ ਅਤੇ ਕੌਂਸਲਰ ਰਾਜੇਸ਼ ਸਿਸੋਦੀਆ ਮੌਜੂਦ ਸਨ।

ਇਸੇ ਦੌਰਾਨ ਪਿੰਡ ਮੜੌਲੀ ਖੁਰਦ ਵੱਲੋਂ ਸਾਲਾਨਾ 24ਵਾਂ ਚਾਰ ਰੋਜ਼ਾ ਲੰਗਰ ਲਗਾਇਆ ਗਿਆ। ਗੁਰਪ੍ਰੀਤ ਸਿੰਘ ਮਾਨ ਮੜੌਲੀ ਖੁਰਦ ਨੇ ਦੱਸਿਆ ਕਿ ਸ਼ਹੀਦਾਂ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਲੱਗਣ ਵਾਲੇ ਜੋੜ ਮੇਲ ਨੂੰ ਸਮਰਪਿਤ ਇਹ ਚਾਰ ਰੋਜ਼ਾ ਸਾਲਾਨਾ ਲੰਗਰ ਸਮੂਹ ਨਗਰ ਨਿਵਾਸੀ ਪਿੰਡ ਮੜੋਲੀ ਖੁਰਦ ਦੇ ਸਹਿਯੋਗ ਨਾਲ ਮੋਰਿੰਡਾ ਸਰਹਿੰਦ ਲੁਧਿਆਣਾ ਬਾਈਪਾਸ ’ਤੇ ਲਗਾਇਆ ਜਾਂਦਾ ਹੈ। ਇਸ ਮੌਕੇ ਹਰਨੇਕ ਸਿੰਘ, ਸਲਿੰਦਰ ਸਿੰਘ ਸੂਬੇਦਾਰ, ਕੁਲਵਿੰਦਰ ਸਿੰਘ ਭਿੰਦਾ, ਨੰਬਰਦਾਰ ਸਤਨਾਮ ਸਿੰਘ, ਨਾਜ਼ਰ ਸਿੰਘ ਮਾਨ, ਪ੍ਰਧਾਨ ਕਰਨਲਜੀਤ ਸਿੰਘ, ਪਰਮਜੀਤ ਸਿੰਘ ਸੌਦਾਗਰ ਸਿੰਘ, ਜਸਪਾਲ ਸਿੰਘ, ਮਲਾਗਰ ਸਿੰਘ, ਹਰਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ ਅਤੇ ਗੁਰਮਨ ਸਿੰਘ ਮਾਨ ਸਮੇਤ ਮੜੌਲੀ ਖੁਰਦ ਦੇ ਸੇਵਾਦਾਰਾਂ ਨੇ ਸੇਵਾ ਨਿਭਾਈ।

ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੂਲ ਮੰਤਰ ਦਾ ਜਾਪ

ਲੰਗਰ ਦੌਰਾਨ ਸੇਵਾ ਕਰਦੇ ਹੋਏ ਸਮਾਜ ਸੇਵੀ ਸੁਭਾਸ਼ ਜੋਸ਼ੀ ਅਤੇ ਹੋਰ। -ਫ਼ੋਟੋ: ਸੂਦ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ੍ਰੀ ਆਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਿਕ ਅੱਜ ਇਲਾਕੇ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੂਲਮੰਤਰ ਸਾਹਿਬ ਦੇ ਪਾਠ ਕੀਤੇ ਗਏ। ਭਾਈ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਭਾਈ ਚਰਨਜੀਤ ਸਿੰਘ ਪ੍ਰਿੰਸੀਪਲ ਸਿੱਖ ਮਿਸ਼ਨਰੀ ਕ‍ਾਲਜ ਨੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਮੀਤ ਮੈਨੇਜਰ ਕਰਮਜੀਤ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਜਥੇਦਾਰ ਸੰਤੋਖ ਸਿੰਘ, ਮਨਜਿੰਦਰ ਸਿੰਘ ਬਰਾੜ, ਦਵਿੰਦਰ ਸਿੰਘ, ਹਰਤੇਗਵੀਰ ਸਿੰਘ, ਅਕਬਾਲ ਸਿੰਘ, ਅਪਾਰ ਸਿੰਘ, ਵਪਾਰ ਮੰਡਲ ਪ੍ਰਧਾਨ ਇੰਦਰਜੀਤ ਸਿੰਘ ਅਰੌੜਾ ਅਤੇ ਪ੍ਰਿਤਪਾਲ ਸਿੰਘ ਗੰਡਾ, ਮਾਤਾ ਗੁਰਚਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਤੇਜਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਪਰਵਿੰਦਰ ਕੌਰ ਹਾਜ਼ਰ ਸਨ।

ਚਾਹ, ਬਿਸਕੁਟ ਅਤੇ ਰਸਾਂ ਦਾ ਲੰਗਰ ਲਗਾਇਆ

ਅਮਲੋਹ (ਪੱਤਰ ਪ੍ਰੇਰਕ): ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਨੂੰ ਮੁੱਖ ਰੱਖ ਕੇ ਉਘੇ ਸਮਾਜ ਸੇਵੀ ਸੁਭਾਸ਼ ਜੋਸ਼ੀ, ਪ੍ਰਥਮ ਜੋਸ਼ੀ, ਤਰੁਣ ਜੋਸ਼ੀ, ਸੋਨੂੰ, ਪਰਵੀਨ ਕੁਮਾਰ, ਕਰਨ ਕੁਮਾਰ, ਕੁਨਾਲ ਪੁੰਜ, ਰਾਜੂ, ਅੰਕਿਤ ਕੁਮਾਰ, ਰਾਮ ਜੀ, ਦਰਸ਼ਨ, ਸੁਦੇਸ਼ ਕੁਮਾਰੀ, ਜੀਵਨ ਕੁਮਾਰ ਜੋਸ਼ੀ ਅਤੇ ਕਮਲ ਜੋਸ਼ੀ ਵੱਲੋਂ ਫੂਡ ਕੋਰਟ ਖੰਨਾ ਰੋਡ ਅਮਲੋਹ ਵਿਖੇ ਚਾਹ, ਬਿਸਕੁਟ ਅਤੇ ਰਸਾਂ ਦਾ ਲੰਗਰ ਲਗਾਇਆ ਗਿਆ। ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਸਿੱਖੀ ਲੜ ਲੱਗਣ ਦਾ ਸੱਦਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਨੌਜਵਾਨਾਂ ਨੇ ਲੰਗਰ ਲਈ ਸੇਵਾ ਕੀਤੀ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਯੋਗਦਾਨ ਪਾਇਆ।

Advertisement
×