ਪਿੰਡਾਂ ਦੇ ਵਿਕਾਸ ਦੇ ’ਚ ਪੰਚਾਇਤਾਂ ਦੀ ਅਹਿਮ ਭੂਮਿਕਾ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਚਾਇਤਾਂ ਦਾ ਪਿੰਡ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਹ ਅੱਜ ਸੈਕਟਰ-79 ਵਿੱਚ ਆਪਣੇ ਦਫ਼ਤਰ ਵਿੱਚ ਜ਼ਿਮਨੀ ਚੋਣ ’ਚ ਨਵੀਂ ਬਣੀ ਧਰਮਗੜ੍ਹ ਦੀ ਪੰਚਾਇਤ ਦਾ ਸਨਮਾਨ ਕਰਨ ਮਗਰੋਂ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਯੋਜਨਾਬੱਧ ਵਿਕਾਸ ਲਈ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਇਸ ਸਬੰਧੀ ਸਾਰੀਆਂ ਪੰਚਾਇਤਾਂ ਨੂੰ ਗਰਾਟਾਂ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਸੁਧਾਰਨ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਹੋ ਚੁੱਕਾ ਹੈ ਅਤੇ ਬਰਸਾਤ ਦਾ ਮੌਸਮ ਖ਼ਤਮ ਹੁੰਦਿਆਂ ਹੀ ਸਾਰੀਆਂ ਸੜਕਾਂ ’ਤੇ ਕੰਮ ਆਰੰਭ ਹੋ ਜਾਵੇਗਾ।
ਇਸ ਮੌਕੇ ਸਰਪੰਚ ਧਰਮਗੜ੍ਹ ਕੁਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਮਨਦੀਪ ਸਿੰਘ, ਜਸਵੀਰ ਕੌਰ, ਕੁਲਜਿੰਦਰ ਸਿੰਘ (ਸਾਰੇ ਪੰਚ) ਸੁਰਿੰਦਰ ਸਿੰਘ, ਜਗਪ੍ਰੀਤ ਸਿੰਘ ਜੱਗਾ, ਹਰਨੇਕ ਸਿੰਘ ਨੰਬਰਦਾਰ, ਮੋਹਣ ਸਿੰਘ, ਗਿਆਨ ਸਿੰਘ ਤੋਂ ਇਲਾਵਾ ਮੁਹਾਲੀ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਕੁਲਦੀਪ ਸਿੰਘ ਸਮਾਣਾ, ਕੌਂਸਲਰ ਗੁਰਮੀਤ ਕੌਰ ਆਦਿ ਵੀ ਹਾਜ਼ਰ ਸਨ।
ਦਾਊਂ ਦੇ ਵਸਨੀਕਾਂ ਨੇ ਮੁਸ਼ਕਲਾਂ ਦੱਸੀਆਂ
ਪਿੰਡ ਦਾਊਂ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਦੀ ਅਗਵਾਈ ਹੇਠ ਵਿਧਾਇਕ ਕੁਲਵੰਤ ਸਿੰਘ ਨੂੰ ਮਿਲੇ ਪਿੰਡ ਵਾਸੀਆਂ ਨੇ ਮੰਗ ਪੱਤਰ ਦਿੱਤਾ। ਉਨ੍ਹਾਂ ਪਿੰਡ ਦੀਆਂ ਤਿੰਨੋਂ ਸੜਕਾਂ ਦੀ ਖਸਤਾ ਹਾਲਤ ਸੁਧਾਰਨ, ਕੌਮੀ ਮਾਰਗ ਤੋਂ ਦਾਊਂ ਪਿੰਡ ਨੂੰ ਰਸਤਾ ਲਾਉਣ, ਪਾਣੀ ਦੀ ਟੈਂਕੀ ਦਾ ਮਾਮਲਾ ਹੱਲ ਕਰਨ, ਏਅਰਪੋਰਟ ਰੋਡ ਤੋਂ ਲਿੰਕ ਰੋਡ ਦੀ ਉਸਾਰੀ ਕਰਾਉਣ, ਤਿੰਨ ਟੋਭਿਆਂ ਦੀ ਸਫ਼ਾਈ ਕਰਾਉਣ ਆਦਿ ਦੀ ਮੰਗ ਕੀਤੀ। ਵਿਧਾਇਕ ਨੇ ਸਾਰੇ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ।