ਹਰਜੀਤ ਸਿੰਘ
ਜ਼ੀਰਕਪੁਰ, 12 ਫਰਵਰੀ
ਇੱਥੋਂ ਦੇ ਛੱਤਬੀੜ ਚਿੜੀਆਘਰ ਨੇੜਲੀਆਂ ਜ਼ਮੀਨਾਂ ’ਚ ਹੋ ਰਹੀ ਨਾਜਾਇਜ਼ ਖਣਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ। ਇਸ ਮਾਮਲੇ ਬਾਰੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਜ਼ਿਲ੍ਹਾ ਮੁਹਾਲੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਸ ਦਾਅਵੇ ਨੂੰ ਝੁਠਲਾ ਦਿੱਤਾ ਹੈ ਜਿਸ ’ਚ ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੌਕੇ ’ਤੇ ਕੋਈ ਵੀ ਨਾਜਾਇਜ਼ ਖਣਨ ਨਹੀਂ ਹੋ ਰਹੀ ਸਗੋਂ ਘੱਗਰ ਦਰਿਆ ਦੀ ਡੀ-ਸਿਲਟਿੰਗ ਕੀਤੀ ਜਾ ਰਹੀ ਹੈ।
ਸ੍ਰੀ ਗੋਇਲ ਵੱਲੋਂ ਅੱਜ ਜਾਰੀ ਇਕ ਵੀਡੀਓ ਰਾਹੀਂ ਖ਼ੁਲਾਸਾ ਕੀਤਾ ਗਿਆ ਕਿ ਮੌਕੇ ’ਤੇ ਹਾਲੇ ਵੀ ਦਰਜਨਾਂ ਟਿੱਪਰਾਂ ਰਾਹੀਂ ਰੇਤ ਦੀ ਖਣਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ ਖਣਨ ਵਿੱਚ ਲੱਗੇ ਟਿੱਪਰ ਪਿੰਡ ਦੀਆਂ ਸੜਕਾਂ ਤੋੜ ਰਹੇ ਹਨ ਤੇ ਪਿੰਡ ਵਾਸੀਆਂ ਦੀਆਂ ਫ਼ਸਲਾਂ ਖ਼ਰਾਬ ਕਰ ਰਹੇ ਹਨ।
ਉੱਥੇ ਹੀ ਹੁਣ ਇਸ ਮਾਮਲੇ ਵਿੱਚ ਸਿਆਸੀ ਅਤੇ ਸਮਾਜ ਸੇਵੀ ਆਗੂ ਵੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। ਇਸ ਮਾਮਲੇ ਬਾਰੇ ਸਵਾਤੀ ਮਾਲੀਵਾਲ, ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ, ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਟਵੀਟ ਕਰ ਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਸਾਰੇ ਆਗੂਆਂ ਨੇ ਆਪਣੇ ਟਵੀਟ ’ਚ ਮਾਨਿਕ ਗੋਇਲ ਵੱਲੋਂ ਜਾਰੀ ਕੀਤੀ ਵੀਡੀਓ ਨੂੰ ਵੀ ਸਾਂਝਾ ਕੀਤਾ ਗਿਆ ਹੈ। ਆਰਟੀਆਈ ਕਾਰਕੁਨ ਗੋਇਲ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਕਾਰਵਾਈ ਕਰਨ ਦੀ ਥਾਂ ਝੂਠੀ ਸਫ਼ਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ-ਸਿਲਟਿੰਗ ਦੀ ਆੜ ਹੇਠ ਨਾਜਾਇਜ਼ ਖਣਨ ਦਾ ਧੰਦਾ ਚੱਲ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਹਲਕਾ ਡੇਰਾਬੱਸੀ ਦਾ ਇੱਕ ਵੱਡਾ ਸਿਆਸੀ ਆਗੂ ਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਮੰਤਰੀ ਸ਼ਾਮਲ ਹੈ।