ਸਬਜ਼ੀ ਮੰਡੀ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਇੱਥੋਂ ਦੇ ਸੈਕਟਰ-26 ਵਿੱਚ ਸਥਿਤ ਸਬਜ਼ੀ ਮੰਡੀ ਵਿੱਚ ਲੰਘੇ ਦਿਨ ਮੀਂਹ ਪੈਣ ਕਰ ਕੇ ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਰ ਕੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਦੀ ਮਾਰਕੀਟ ਕਮੇਟੀ ਦੀ ਟੀਮ ਅੱਜ ਸੈਕਟਰ-26 ਸਬਜ਼ੀ ਮੰਡੀ ਵਿੱਚ ਪਹੁੰਚੀ ਜਿੱਥੇ ਨਾਜਾਇਜ਼ ਤੌਰ ’ਤੇ ਦੁਕਾਨਾਂ ਲਗਾਈ ਬੈਠੇ ਦੁਕਾਨਦਾਰਾਂ ਨੂੰ ਹਟਾਇਆ ਗਿਆ। ਇਸ ਦੇ ਨਾਲ ਹੀ ਸਬਜ਼ੀ ਮੰਡੀ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ। ਮੀਂਹ ਕਾਰਨ ਮੰਡੀ ਵਿੱਚ ਵੱਖ-ਵੱਖ ਥਾਵਾਂ ’ਤੇ ਖੜ੍ਹੇ ਪਾਣੀ ਨੂੰ ਵੀ ਕੱਢਿਆ ਗਿਆ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਨਸੂਨ ਦੀ ਆਮਦ ਕਰ ਕੇ ਸਬਜ਼ੀ ਮੰਡੀ ਵਿੱਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗ ਜਾਂਦੇ ਹਨ, ਜਿੱਥੇ ਮੱਖੀ ਤੇ ਮੱਛਰ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਇਸ ਲਈ ਮੌਨਸੂਨ ਸੀਜ਼ਨ ਦੌਰਾਨ ਮਾਰਕੀਟ ਕਮੇਟੀ ਦੇ ਮੁਲਾਜ਼ਮ ਮੰਡੀ ਵਿੱਚ ਤਾਇਨਾਤ ਰਹਿਣਗੇ। ਇਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਗੰਦਗੀ ਦੇ ਢੇਰਾਂ ਨੂੰ ਹਟਾਇਆ ਜਾਵੇਗਾ। ਇਸ ਦੇ ਨਾਲ ਹੀ ਸਬਜ਼ੀ ਮੰਡੀ ਵਿੱਚ ਸਫ਼ਾਈ ਅਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਰੱਖਿਆ ਜਾਵੇਗਾ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਬਜ਼ੀ ਮੰਡੀ ਦੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਮੌਨਸੂਨ ਸੀਜ਼ਨ ਦੌਰਾਨ ਸਬਜ਼ੀ ਮੰਡੀ ਵਿੱਚ ਸਫ਼ਾਈ ਨੂੂੰ ਬਰਕਰਾਰ ਰੱਖਣ ਵਿੱਚ ਯੂਟੀ ਪ੍ਰਸ਼ਾਸਨ ਦੀ ਮਦਦ ਕਰਨ ਤਾਂ ਜੋ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।