ਗੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼; ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 10 ਜੁਲਾਈ
ਮੁਹਾਲੀ ਪੁਲੀਸ ਨੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦਾ ਮਾਸਟਰ ਮਾਈਂਡ ਐਲਕਸ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਿਰ ਹੈ।
ਕਪਤਾਨ ਪੁਲੀਸ (ਪੀਬੀਆਈ) ਦੀਪਿਕਾ ਸਿੰਘ ਨੇ ਅੱਜ ਇੱਥੇ ਪ੍ਰੈਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਇਹ ਗੈਰ ਕਾਨੂੰਨੀ ਕਾਲ ਸੈਂਟਰ ਇੰਡਸਟਰੀਅਲ ਏਰੀਆ, ਫੇਸ 8-ਬੀ, ਮੁਹਾਲੀ ਵਿੱਚ, ਰੋਹਿਤ ਮਹਿਰਾ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਇਹ ਗਰੋਹ ਕਰੀਬ ਤਿੰਨ ਸੌ ਤੋਂ ਵੱਧ ਵਿਅਕਤੀਆਂ ਨਾਲ 20,000 ਡਾਲਰ (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਮਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ਤਹਿਤ ਪੁਲੀਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪੇ ਮਾਰ ਕੇ ਛੇ ਮੁਲਜ਼ਮਾਂ ਨੂੰ 6 ਲੈਪਟਾਪ ਅਤੇ 3 ਮੋਬਾਇਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਲ ਸੈਂਟਰ ਦਾ ਮਾਸਟਰ ਮਾਈਡ ਐਲਕਸ ਨਾਮ ਦਾ ਵਿਅਕਤੀ ਹੈ, ਜੋ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਬੀਐੱਨਐਸ ਥਾਣਾ ਫੇਜ਼ ਪਹਿਲਾ ਮੁਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਰੋਹਿਤ ਮਹਿਰਾ, ਵਾਸੀ ਭਾਗ ਕਲਾਂ(ਲੁਧਿਆਣਾ), ਅਨਵਰ ਰੋਡਰਿਕਸ ਵਾਸੀ ਗੋਆ, ਹਾਲ ਵਾਸੀ ਜ਼ੀਰਕਪੁਰ, ਸੋਮਦੇਵ ਵਾਸੀ ਕਲਕੱਤਾ, ਹਾਲ ਵਾਸੀ ਜ਼ੀਰਕਪੁਰ, ਬੁੱਧਾ ਭੂਸ਼ਨ ਕਮਲੇ ਵਾਸੀ ਪੂਨੇ, ਹਾਲ ਵਾਸੀ ਜ਼ੀਰਕਪੁਰ, ਐਥਨੀ ਗੌਮਸ ਵਾਸੀ ਕਲਕੱਤਾ, ਹਾਲ ਵਾਸੀ ਜ਼ੀਰਕਪੁਰ ਅਤੇ ਜੀਤੇਸ਼ ਕੁਮਾਰ ਵਾਸੀ ਲੁਧਿਆਣਾ ਸ਼ਾਮਲ ਹਨ।