ਸੈਕਟਰ-31 ਵਿੱਚ ਆਈਬੀ ਤੇ ਸੈਕਟਰ-52 ਵਿੱਚ ਬਣੇਗਾ ਥਾਣਾ ਵਿਮੈਨ ਸੈੱਲ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਤੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਸੈਕਟਰ-31 ਵਿੱਚ ਇੰਟੈਲੀਜੈਂਸ ਬਿਊਰੋ (ਆਈਬੀ) ਅਤੇ ਸੈਕਟਰ-52 ਵਿੱਚ ਥਾਣਾ ਵਿਮੈਨ ਸੈੱਲ ਬਣਾਉਣ ਲਈ ਜ਼ਮੀਨ ਦੀ ਚੋਣ ਕਰ ਲਈ ਗਈ ਹੈ। ਇਸ ਦੇ ਨਾਲ ਹੀ ਸੈਕਟਰ-51 ਵਿੱਚ ਅਰਬਨ ਆਯੂਸ਼ਮਾਨ ਅਰੋਗਿਆ ਮੰਦਰ ਬਣਾਉਣ ਦਾ ਫੈਸਲਾ ਕੀਤਾ ਹੈ। ਯੂਟੀ ਪ੍ਰਸ਼ਾਸਨ ਨੇ ਤਿੰਨਾਂ ਲਈ ਜ਼ਮੀਨ ਰਾਖਵੀਂ ਰੱਖ ਲਈ ਹੈ, ਜਿਸ ’ਤੇ ਜਲਦ ਹੀ ਅਗਲੇਗੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਸੈਕਟਰ-31 ਵਿੱਚ ਆਈਬੀ ਦਾ ਦਫ਼ਤਰ ਬਣਾਉਣ ਲਈ ਡੇਢ ਏਕੜ ਜ਼ਮੀਨ ਰੱਖੀ ਹੈ, ਜਿੱਥੇ ਹਾਈਟੈਕ ਦਫ਼ਤਰ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੈਕਟਰ-52 ਵਿੱਚ 1.11 ਏਕੜ ਜ਼ਮੀਨ ’ਤੇ ਥਾਣਾ ਵਿਮੈਨ ਸੈੱਲ ਬਣਾਇਆ ਜਾਵੇਗਾ, ਜੋ ਕਿ ਮੌਜੂਦਾ ਸਮੇਂ ਥਾਣਾ ਸੈਕਟਰ-17 ਵਿੱਚ ਹੀ ਚਲਾਇਆ ਜਾ ਰਿਹਾ ਸੀ। ਯੂਟੀ ਪ੍ਰਸ਼ਾਸਨ ਨੇ ਲੋਕਾਂ ਨੂੰ ਵਧੀਆਂ ਸਿਹਤ ਸਹੁਲਤਾਂ ਦੇਣ ਲਈ ਸੈਕਟਰ-51 ਵਿੱਚ 0.25 ਏਕੜ ਜ਼ਮੀਨ ਅਰਬਨ ਆਯੂਸ਼ਮਾਨ ਅਰੋਗਿਆ ਕੇਂਦਰ ਲਈ ਰਾਖਵੀਂ ਰੱਖੀ ਹੈ, ਜਿੱਥੇ ਸਿਹਤ ਕੇਂਦਰ ਸਥਾਪਤ ਕੀਤਾ ਜਾਵੇਗਾ।
ਯੂਟੀ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਸਾਲ 2023 ਦੌਰਾਨ ਸੈਕਟਰ-33 ਸੀ ਵਿੱਚ ਲੱਦਾਖ ਭਵਨ, ਸੈਕਟਰ-38 ਵੈਸਟ ਵਿੱਚ ਈਡੀ ਦਫ਼ਤਰ ਅਤੇ ਤਿੰਨ ਬੀਆਰਡੀ ਸਟੇਸ਼ਨ ਵਿੱਚ ਐੱਨਆਈਏ ਨੂੰ ਦਫ਼ਤਰ ਬਣਾਉਣ ਲਈ ਥਾਂ ਦਿੱਤੀ ਸੀ।