ਯੂਟੀ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣਗੇ ਆਈਏਐੱਸ ਤੇ ਡਾਕਟਰ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੁਲਾਈ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਅਧਿਕਾਰੀਆਂ ਦੇ ਤਜਰਬਿਆਂ ਦਾ ਗਿਆਨ ਵੀ ਮਿਲੇਗਾ, ਇਸ ਲਈ ਯੂਟੀ ’ਚ ਤਾਇਨਾਤ ਆਈਏਐੱਸ, ਡਾਕਟਰ, ਇੰਜਨੀਅਰ ਤੇ ਮਾਹਿਰਾਂ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਸਰਕਾਰੀ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ। ਇਸ ਲਈ 168 ਅਧਿਕਾਰੀਆਂ ਨੇ ਆਪਣੀਆਂ ਸੇਵਾਵਾਂ ਦੇਣ ਲਈ ਹਾਮੀ ਭਰੀ ਹੈ ਤੇ ਸਿੱਖਿਆ ਵਿਭਾਗ ਨੇ ਵੀ ਹਫਤੇ ਵਿੱਚ ਇਕ ਦਿਨ ਪੜ੍ਹਾਉਣ ਲਈ ਸਕੂਲ ਅਲਾਟ ਕਰ ਦਿੱਤਾ ਹੈ। ਇਹ ਅਧਿਕਾਰੀ ਯੂਟੀ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ਦੇ ਇਕ ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਅਮਲੀ ਸਿੱਖਿਆ ਦੇਣਗੇ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਅਧਿਕਾਰੀ ਸਕੂਲਾਂ ’ਚ ਜਾ ਕੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਗੇ ਤੇ ਉਨ੍ਹਾਂ ਨੂੰ ਕਰੀਅਰ, ਸਿਹਤ, ਇੰਟਰਨੈੱਟ ਸੁਰੱਖਿਆ, ਆਤਮ ਵਿਸ਼ਵਾਸ ਤੇ ਹੋਰ ਮੁੱਦਿਆਂ ’ਤੇ ਜਾਣਕਾਰੀ ਦੇਣਗੇ।
ਚੰਡੀਗੜ੍ਹ ਵਿੱਚ ਅੱਜ ਪਹਿਲੀ ਜੁਲਾਈ ਨੂੰ ਸਰਕਾਰੀ ਸਕੂਲ ਖੁੱਲ੍ਹ ਗਏ ਹਨ ਤੇ ਯੂਟੀ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਵਿਸ਼ੇਸ਼ ਸਲਾਹਕਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤਕ ਹੀ ਸੀਮਿਤ ਨਾ ਕਰ ਕੇ ਉਨ੍ਹਾਂ ਨੂੰ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਸਿਖਾਉਣਾ ਹੈ।
ਸੈਕਟਰ-10 ਦੇ ਸਕੂਲ ’ਚ ਡੀਸੀ ਅਤੇ 35 ਦੇ ਸਕੂਲ ’ਚ ਪੜ੍ਹਾਉਣਗੇ ਐੱਸਐੱਸਪੀ
ਇਸ ਪ੍ਰੋਗਰਾਮ ਤਹਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-10 ’ਚ ਡੀਸੀ ਨਿਸ਼ਾਂਤ ਕੁਮਾਰ ਯਾਦਵ ਪੜ੍ਹਾਉਣਗੇ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਵਿੱਚ ਐੱਸਐੱਸਪੀ ਕੰਵਰਦੀਪ ਕੌਰ ਜਾ ਕੇ ਪੜ੍ਹਾਉਣਗੇ। ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਪੀਐੱਮ ਸ੍ਰੀ ਸਰਕਾਰੀ ਮਾਡਲ ਸਕੂਲ ਧਨਾਸ ਵਿੱਚ ਪੜ੍ਹਾਉਣਗੇ। ਮੁੱਖ ਸਕੱਤਰ ਰਾਜੀਵ ਕੁਮਾਰ ਤੇ ਸੀਆਈਆਈ ਦੇ ਚੇਅਰਮੈਨ ਟੀਐੱਸ ਬਮਰਾ ਸੈਕਟਰ-18 ਦੇ ਸਕੂਲ ’ਚ ਪੜ੍ਹਾਉਣਗੇ। ਆਈਏਐਸ ਅਧਿਕਾਰੀ ਮਨਦੀਪ ਸਿੰਘ ਬਰਾੜ ਸੈਕਟਰ-16, ਹਰੀ ਕਾਲੀਕਟ ਸੈਕਟਰ 19, ਆਈਏਐੱਸ ਅਧਿਕਾਰੀ ਪ੍ਰੇਰਨਾ ਪੁਰੀ ਸੈਕਟਰ-21, ਅਮਿਤ ਕੁਮਾਰ ਸੈਕਟਰ-23, ਆਈਪੀਐੱਸ ਸੁਮੇਰ ਪ੍ਰਤਾਪ ਸਿੰਘ ਸੈਕਟਰ-33, ਪਾਲਿਕ ਅਰੋੜਾ ਸੈਕਟਰ-56 ਦੇ ਸਕੂਲ ਵਿੱਚ ਸਿੱਖਿਆ ਦੇਣਗੇ। ਇਨ੍ਹਾਂ ਤੋਂ ਇਲਾਵਾ ਆਈਜੀ ਪੁਸ਼ਪਿੰਦਰ ਕੁਮਾਰ ਦੀ ਆਪਣੀਆਂ ਸੇਵਾਵਾਂ ਦੇਣਗੇ।
ਅਧਿਕਾਰੀ ਮੁਫ਼ਤ ਵਿੱਚ ਦੇਣਗੇ ਸੇਵਾਵਾਂ
ਯੂਟੀ ਤੇ ਹੋਰ ਅਹਿਮ ਵਿਭਾਗਾਂ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੋਈ ਪੈਸਾ ਨਹੀਂ ਲੈਣਗੇ ਤੇ ਇਹ ਮਾਹਿਰ ਹਫ਼ਤੇ ’ਚ ਇਕ ਦਿਨ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਇਸ ਤੋਂ ਇਲਾਵਾ ਇਹ ਆਪਣੇ ਲੈਕਚਰ ਨੂੰ ਸੋਸ਼ਲ ਮੀਡੀਆ ’ਤੇ ਵੀ ਪਾਉਣਗੇ ਤੇ ਹੋਰਾਂ ਬੱਚਿਆਂ ਨਾਲ ਵੀ ਆਪਣੇ ਤਜਰਬੇ ਸਾਂਝੇ ਕਰਨਗੇ। ਇਹ ਪ੍ਰੋਗਰਾਮ ਪਹਿਲਾਂ 42 ਸਕੂਲਾਂ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਮਗਰੋਂ ਇਸ ਦਾ ਦਾਇਰਾ ਵਧਾਇਆ ਜਾਵੇਗਾ।