ਮੈਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਿਹਾਂ ਤੇ ਕਾਂਗਰਸੀ ਕੁਰਸੀਆਂ ਦੀਆਂ ਕੀਮਤਾਂ ਦੱਸਣ ਲੱਗੇ: ਭਗਵੰਤ ਮਾਨ
ਮੁੱਖ ਮੰਤਰੀ ਨੇ ਜਾਪਾਨ ਤੇ ਦੱਖਣੀ ਕੋਰੀਆ ਦੌਰੇ ਦਾ ਲੇਖਾ-ਜੋਖਾ ਪੱਤਰਕਾਰਾਂ ਅੱਗੇ ਰੱਖਿਆ
ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦਿਆਂ ਹੀ ਕਾਂਗਰਸ ਪਾਰਟੀ ਦੀ ਘੇਰਾਬੰਦੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ ‘‘ਮੈਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਿਹਾ ਹਾਂ, ਪਰ ਕਾਂਗਰਸੀ ਆਗੂ ਐੱਮਸੀ, ਐੱਮ ਐਲ ਏ ਅਤੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਦੀ ਕੀਮਤਾਂ ਦੱਸਣ ਲੱਗੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਜਿਸ ਦੀ ਜਿਹੋ-ਜਿਹੀ ਨਿਯਤ ਹੁੰਦੀ ਹੈ, ਬੰਦਾ ਉਹੀ ਕੰਮ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਲਿਆਉਣ ਲਈ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਇਹ ਵਲਟੋਹਾ ਨੂੰ ਬਾਹਰ ਲਿਆਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਵੇਖ ਰਹੇ ਹਨ, ਉਹ ਖ਼ੁਦ ਇਨ੍ਹਾਂ ਦੀ ਕਾਰਗੁਜ਼ਾਰੀ ਦਾ ਫੈਸਲਾ ਕਰਨਗੇ।
ਮੁੱਖ ਮੰਤਰੀ ਨੇ ਇਸ ਮੌਕੇ ਆਪਣੇ ਜਾਪਾਨ ਅਤੇ ਦੱਖਣੀ ਕੋਰੀਆ ਦੌਰੇ ਦਾ ਲੇਖਾ-ਜੋਖਾ ਵੀ ਪੱਤਰਕਾਰਾਂ ਅੱਗੇ ਰੱਖਿਆ। ਉਨ੍ਹਾਂ ਕਿਹਾ ਕਿ ਜਾਪਾਨ ਅਤੇ ਦੱਖਣੀ ਕੋਰੀਆ ਦੀ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸੁਕ ਹਨ। ਇਨ੍ਹਾਂ ਵੱਲੋਂ ਆਈਟੀ ਖੇਤਰ, ਮੈਡੀਕਲ, ਖੇਤੀਬਾੜੀ, ਰਿਸਰਚ, ਬਾਗਬਾਨੀ ਅਤੇ ਹੋਰਨਾਂ ਖੇਤਰਾਂ ਵਿੱਚ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਪਾਨ ਤੇ ਦੱਖਣੀ ਕੋਰੀਆ ਦੀ ਸੈਂਕੜੇ ਕੰਪਨੀਆਂ ਪੰਜਾਬ ਵਿੱਚ 14, 15 ਤੇ 16 ਮਾਰਚ ਨੂੰ ਹੋਣ ਵਾਲੇ ਨਿਵੇਸ਼ ਸੰਮੇਲਨ ਵਿੱਚ ਸ਼ਾਮਲ ਹੋਣਗੀਆਂ।

