YouTube ਵੀਡੀਓ ਤੋਂ ਸਿੱਖ ਕੇ, ਪ੍ਰੇਮੀ ਦੀ ਮਦਦ ਨਾਲ ਕੀਤੀ ਪਤੀ ਦੀ ਹੱਤਿਆ
ਤਿਲੰਗਾਨਾ ਦੇ ਕਰੀਮਨਗਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਔਰਤ ਨੇ ਇਹ ਹੱਤਿਆ ਯੂਟਿਊਬ ਵੀਡੀਓ ਤੋਂ ਦੱਸੇ ਗਏ ਤਰੀਕੇ ਨਾਲ ਕੀਤੀ ਹੈ।
ਰਿਪੋਰਟਾਂ ਅਨੁਸਾਰ ਔਰਤ ਦੀ ਪਛਾਣ ਰਾਮਾਦੇਵੀ ਵਜੋਂ ਹੋਈ ਹੈ, ਜਿਸ ਨੇ ਆਪਣੇ ਪ੍ਰੇਮੀ ਕਰਨ ਰਾਜੱਈਆ ਅਤੇ ਦੋਸਤ ਸ੍ਰੀਨਿਵਾਸ ਨਾਲ ਮਿਲ ਕੇ ਘਟਨਾ ਨੁੂੰ ਅੰਜਾਮ ਦਿੱਤਾ। ਫਿਲਹਾਲ ਪੁਲੀਸ ਨੇ ਤਿੰਨਾਂ ਨੁੂੰ ਹਿਰਾਸਤ ਵਿੱਚ ਲੈ ਲਿਆ ਹੈ।
ਮ੍ਰਿਤਕ ਸੰਪਤ ਲਾਇਬ੍ਰੇਰੀ ਵਿੱਚ ਸਫ਼ਾਈ ਦਾ ਕੰਮ ਕਰਦਾ ਸੀ ਅਤੇ ਉਸ ਦਾ ਵਿਆਹ ਰਾਮਾਦੇਵੀ ਨਾਲ ਹੋਇਆ ਸੀ। ਇਸ ਜੋੜੇ ਦੇ ਦੋ ਬੱਚੇ ਵੀ ਹਨ। ਸੰਪਤ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ। ਪਰਿਵਾਰ ਦੇ ਗੁਜ਼ਾਰੇ ਲਈ ਰਾਮਾਦੇਵੀ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦੀ ਸੀ।ਇਸ ਦੁਕਾਨ ਰਾਹੀਂ ਹੀ ਉਸਦੀ ਮੁਲਾਕਾਤ 50 ਸਾਲਾ ਕਰਨ ਰਾਜੱਈਆ ਨਾਲ ਹੋਈ ਸੀ। ਕੁੱਝ ਸਮੇਂ ਬਾਅਦ ਰਾਮਦੇਵੀ ਅਤੇ ਕਰਨ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਦੇਖਦੇ ਹੀ ਦੇਖਦੇ ਪ੍ਰੇਮ ਸਬੰਧਾਂ ਵਿੱਚ ਬਦਲ ਗਈ।ਪੁਲੀਸ ਦਾ ਕਹਿਣਾ ਹੈ ਕਿ ਅੰਤ ਰਾਮਦੇਵੀ ਨੇ ਆਪਣੇ ਪਤੀ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ।
ਰਮਾਦੇਵੀ ਨੇ ਕਥਿਤ ਤੌਰ 'ਤੇ ਕਤਲ ਕਰਨ ਦੇ ਆਨਲਾਈਨ ਤਰੀਕੇ ਤਲਾਸ਼ੇ। ਇਸ ਦਰਮਿਆਨ ਉਸਨੁੂੰ ਇੱਕ ਯੂਟਿਊਬ ਵੀਡੀਓ ਮਿਲਿਆ, ਜਿਸ ਵਿੱਚ ਕੀਟਨਾਸ਼ਕ ਦੀ ਵਰਤੋਂ ਦਾ ਤਰੀਕਾ ਦੱਸਿਆ ਹੋਇਆ ਸੀ। ਇਸ ਵਿੱਚ ਕੀੜੇਮਾਰ ਨੁੂੰ ਵਿਅਕਤੀ ਦੇ ਕੰਨ ਅੰਦਰ ਪਾ ਕੇ ਉਸਨੁੂੰ ਮਾਰਨ ਦੇ ਤਰੀਕੇ ਦਾ ਵਰਨਣ ਸੀ। ਰਮਾਦੇਵੀ ਨੇ ਇਹ ਵਿਚਾਰ ਆਪਣੇ ਪ੍ਰੇਮੀ ਰਾਜੱਈਆ ਨਾਲ ਸਾਂਝਾ ਕੀਤਾ, ਜੋ ਕਿ ਮਦਦ ਕਰਨ ਲਈ ਸਹਿਮਤ ਹੋ ਗਿਆ। ਫਿਰ ਦੋਵਾਂ ਨੇ ਰਾਜੱਈਆ ਦੇ ਦੋਸਤ, ਸ੍ਰੀਨਿਵਾਸ ਨੁੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ।
ਕਤਲ ਵਾਲੀ ਰਾਤ ਤਿੰਨਾਂ ਨੇ ਸੰਪਤ ਨੂੰ ਬੋਮਕਾਲ ਫਲਾਈਓਵਰ ਦੇ ਨੇੜੇ ਮਿਲਣ ਲਈ ਬੁਲਾਇਆ। ਉਨ੍ਹਾਂ ਨੇ ਉਸਨੂੰ ਸ਼ਰਾਬ ਦਿੱਤੀ ਅਤੇ ਜਦੋਂ ਉਹ ਬਹੁਤ ਜ਼ਿਆਦਾ ਨਸ਼ੇ ਵਿੱਚ ਬੇਹੋਸ਼ ਹੋ ਗਿਆ ਤਾਂ ਰਾਜੱਈਆ ਨੇ ਕਥਿਤ ਤੌਰ 'ਤੇ ਉਸਦੇ ਕੰਨ ਵਿੱਚ ਕੀਟਨਾਸ਼ਕ ਪਾ ਦਿੱਤਾ। ਸੰਪਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਰਾਜੱਈਆ ਨੇ ਰਾਮਾਦੇਵੀ ਨੂੰ ਫੋਨ ਕਰਕੇ ਪੁਸ਼ਟੀ ਕੀਤੀ ਕਿ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਅਗਲੇ ਦਿਨ ਰਮਾਦੇਵੀ ਪੁਲੀਸ ਕੋਲ ਗਈ ਅਤੇ ਉਸਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪਹਿਲੀ ਅਗਸਤ ਨੂੰ ਸੰਪਤ ਦੀ ਲਾਸ਼ ਮਿਲੀ। ਪੁਲੀਸ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਰਮਾਦੇਵੀ ਅਤੇ ਰਾਜੱਈਆ ਦੋਵਾਂ ਨੇ ਪੋਸਟਮਾਰਟਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਸੰਪਤ ਦੇ ਪੁੱਤਰ ਨੇ ਪੁਲੀਸ ਨੂੰ ਜਾਂਚ ਕਰਨ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਕਾਲ ਰਿਕਾਰਡ, ਸੀਸੀਟੀਵੀ ਫੁਟੇਜ ਅਤੇ ਲੋਕੇਸ਼ਨ ਡੇਟਾ ਦੀ ਜਾਂਚ ਕੀਤੀ, ਜਿਸਦੇ ਨਤੀਜੇ ਵਜੋਂ ਉਹ ਤਿੰਨੋਂ ਮੁਲਜ਼ਮਾਂ ਤੱਕ ਪਹੁੰਚ ਗਏ ਅਤੇ ਕਥਿਤ ਤੌਰ 'ਤੇ ਤਿੰਨਾਂ ਨੇ ਅਪਰਾਧ ਕਬੂਲ ਲਿਆ ਹੈ।