DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਦੇ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ

ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ਾ ਮੰਗਿਆ; ਵਜੀਰਾਬਾਦ ਨੇੜਲੇ ਚੋਅ ਦੇ ਪਾਣੀ ਦਾ ਪੱਧਰ ਵਧਿਆ
  • fb
  • twitter
  • whatsapp
  • whatsapp
featured-img featured-img
ਵਜੀਰਾਬਾਦ ਨੇਡ਼ਲੀ ਚੋਅ ਓਵਰਫਲੇਅ ਹੋਣ ਕਾਰਨ ਖੇਤਾਂ ਵਿੱਚ ਭਰਿਆ ਪਾਣੀ। -ਫੋਟੋ: ਸੂਦ
Advertisement

ਅਤਰ ਸਿੰਘ

ਡੇਰਾਬੱਸੀ, 13 ਜੁਲਾਈ

Advertisement

ਹੜ੍ਹਾਂ ਦਾ ਪਾਣੀ ਉਤਰਣ ਮਗਰੋਂ ਖੇਤਾਂ ਵਿੱਚ ਕਿਧਰੇ ਫ਼ਸਲ ਦਿਖਾਈ ਨਹੀਂ ਦੇ ਰਹੀ, ਜਿਸ ਕਾਰਨ ਕਿਸਾਨ ਨਿਰਾਸ਼ ਹਨ। ਕਈ ਥਾਈਂ ਪਾਣੀ ਤੇਜ਼ ਵਹਾਅ ’ਚ ਫ਼ਸਲਾਂ ਰੋੜ ਕੇ ਲੈ ਗਿਆ ਅਤੇ ਕਿਤੇ ਫਸਲ ਦਰਿਆ ਦੇ ਪਾਣੀ ਦੀ ਗਾਰ ਹੇਠ ਦੱਬ ਗਈ ਹੈ। ਘੱਗਰ ਨੇੜਲੇ ਪਿੰਡ ਇਬਰਾਹਿਮਪੁਰ, ਪਰਾਗਪੁਰ, ਬੋਹੜਾ, ਬੋਹੜੀ ਅਤੇ ਭਾਂਖਰਪੁਰ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਪਸ਼ੂਆਂ ਲਈ ਬੀਜਿਆ ਹਰਾ ਚਾਰਾ ਅਤੇ ਮੱਕੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨ ਜਥੇਬੰਦੀ ਲੱਖੋਵਾਲ ਨੇ ਸੂਬਾ ਸਰਕਾਰ ਸਮੇਤ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਜਥੇਬੰਦੀ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਹੜ੍ਹ ਕਾਰਨ ਘੱਗਰ ਨਾਲ ਲਗਦੇ ਕਰੀਬ 35 ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਸਮੇਤ ਹੋਰ ਫਸਲਾਂ ਤੇ ਸਬਜ਼ੀਆਂ ਤਬਾਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਤੇ ਹੁਣ ਤੱਕ ਪ੍ਰਤੀ ਏਕੜ 10 ਤੋਂ 12 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਤਬਾਹ ਹੋਈ ਫ਼ਸਲ ਨੂੰ ਦੁਬਾਰਾ ਲਗਾਉਣ ਲਈ ਨਾ ਤਾਂ ਕਿਸਾਨਾਂ ਕੋਲ ਪਨੀਰੀ ਮੌਜੂਦ ਹੈ ਅਤੇ ਨਾ ਹੀ ਪਾਣੀ ਦੀ ਮਾਰ ਕਾਰਨ ਉਜੜ ਚੁੱਕੇ ਖੇਤ ਇਕਸਾਰ ਹਨ। ਉਨ੍ਹਾਂ ਕਿਹਾ ਕਿ ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜਣ ਲਈ ਵੀ ਕਿਸਾਨਾਂ ਨੂੰ ਪਹਿਲਾਂ ਖੇਤ ਬਰਾਬਰ ਕਰਨੇ ਪੈਣਗੇ ਜਿਸ ਉੱਤੇ ਘੱਟੋ ਘੱਟ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਵੇਗਾ, ਇਸ ਤੋਂ ਬਾਅਦ ਬਦਲਵੀਂ ਫ਼ਸਲ ਲਗਾਉਣ ਲਈ ਖਰਚੇ ਦਾ ਬੋਝ ਵੱਖ ਤੋਂ ਪਵੇਗਾ।

ਘੱਗਰ ਦੇ ਪਾਣੀ ਕਾਰਨ ਤਬਾਹ ਹੋਈ ਝੋਨੇ ਦੀ ਫ਼ਸਲ ਦਿਖਾਉਂਦੇ ਹੋਏ ਕਿਸਾਨ।
ਘੱਗਰ ਦੇ ਪਾਣੀ ਕਾਰਨ ਤਬਾਹ ਹੋਈ ਝੋਨੇ ਦੀ ਫ਼ਸਲ ਦਿਖਾਉਂਦੇ ਹੋਏ ਕਿਸਾਨ।

ਕਿਸਾਨਾਂ ਨੂੰ ਪ੍ਰਤੀ ਏਕੜ 30 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਫਤਹਿਗੜ੍ਹ ਸਾਹਬਿ (ਹਿਮਾਸ਼ੂ ਸੂਦ): ਇੱਥੋਂ ਨੇੜਲੇ ਪਿੰਡ ਵਜੀਰਾਬਾਦ ਵਿੱਚੋਂ ਲੰਘਦੇ ਚੋਅ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਖੇਤਾਂ ਅਤੇ ਫੈਕਟਰੀਆਂ ਵਿੱਚ ਪਾਣੀ ਭਰਨ ਕਾਰਨ ਵਪਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪਏ। ਚੋਅ ਵਿੱਚ ਪਾਣੀ ਵਧਣ ਕਾਰਨ ਵਜੀਰਾਬਾਦ, ਫਤਿਹਪੁਰ, ਅਤੇ ਬਡਾਲੀ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਇਹ ਪਾਣੀ ਲਿੰਕ ਸੜਕਾਂ ’ਤੇ ਫਿਰ ਰਿਹਾ ਹੈ ਅਤੇ ਵਜੀਰਾਬਾਦ ਦੇ ਖੇਤਾਂ ਵਿਚ ਰਹਿੰਦੇ ਕਿਸਾਨਾਂ ਦੇ ਘਰਾਂ ਵਿਚ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੇ ਕੰਮ ਕਾਜ ਲਈ ਬਦਲਵੇ ਰਸਤਿਆਂ ਦਾ ਸਹਾਰਾ ਲੈਣਾ ਪਿਆ।

ਮੁੱਢੜੀਆਂ ਤੋਂ ਬਡਾਲੀ ਲਿੰਕ ਸੜਕ ’ਤੇ ਖੜ੍ਹਿਆ ਪਾਣੀ। -ਫੋਟੋ: ਸੂਦ
ਮੁੱਢੜੀਆਂ ਤੋਂ ਬਡਾਲੀ ਲਿੰਕ ਸੜਕ ’ਤੇ ਖੜ੍ਹਿਆ ਪਾਣੀ। -ਫੋਟੋ: ਸੂਦ

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਹਾਲਾਤ ਦਾ ਜਾਇਜ਼ਾ

ਫਤਹਿਗੜ੍ਹ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਲਕੇ ਕਮੇਟੀ ਦੀ ਕਾਰਜਕਾਰਨੀ ਦੀ ਹੋ ਰਹੀ ਮੀਟਿੰਗ ਵਿੱਚ ਇਸ ਬਾਰੇ ਅਹਿਮ ਫ਼ੈਸਲੇ ਲਏ ਜਾਣਗੇ। ਇੱਥੋਂ ਦੇ ਇੰਜਨੀਅਰਿੰਗ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਸਿਰਫ਼ ਫੋਟੋਆਂ ਤੱਕ ਸੀਮਤ ਹਨ, ਜਦਕਿ ਕਾਲਜ ਪ੍ਰਬੰਧਕਾਂ ਨੇ ਮੁਸੱਕਤ ਨਾਲ ਵਿਦਿਆਰਥੀਆਂ ਨੂੰ ਬਾਹਰ ਕੱਢਿਆ।

Advertisement
×