ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਸਾਬਕਾ ਕੈਡੇਟਸ ਦਾ ਸਨਮਾਨ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 18 ਜੂਨ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਵੱਲੋਂ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਅਤੇ ਹੋਰ ਸੇਵਾਵਾਂ ਸਿਖਲਾਈ ਅਕੈਡਮੀਆਂ ਤੋਂ ਗਰੈਜੂਏਟ ਹੋ ਕੇ ਰੱਖਿਆ ਬਲਾਂ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਆਪਣੇ ਸਾਬਕਾ ਕੈਡੇਟਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਵੱਕਾਰੀ ‘ਅਚੀਵਰ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ (ਸੇਵਾਮੁਕਤ) ਬੀਐੱਸ ਗਰੇਵਾਲ ਨੇ ਕੀਤੀ। ਇਸ ‘ਅਚੀਵਰ ਐਵਾਰਡ’ ਸਮਾਰੋਹ ਵਿੱਚ ਏਐੱਫ਼ਪੀਆਈ ਦੇ 24 ਵਿਸ਼ੇਸ਼ ਸਾਬਕਾ ਕੈਡੇਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚੋਂ ਅੱਠ ਕੈਡੇਟਾਂ ਨੇ ਹਾਲ ਹੀ ਵਿੱਚ ਮਈ-ਜੂਨ 2025 ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ।
ਮੇਜਰ ਜਨਰਲ ਬੀਐੱਸ ਗਰੇਵਾਲ ਨੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਕੈਡੇਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾਨ ’ਚ ਉਨ੍ਹਾਂ ਦੀ ਸਿਖਲਾਈ, ਉਨ੍ਹਾਂ ਦੇ ਕਰੀਅਰ ਲਈ ਲਾਂਚਪੈਡ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਐੱਨਡੀਏ ਗਰੈਜੂਏਟਸ ਨੂੰ ਅੱਗੇ ਦੀ ਸਿਖਲਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਿੱਚ ਫੈਕਲਟੀ ਦੇ ਸਮਰਪਣ ਦੀ ਸ਼ਲਾਘਾ ਕੀਤੀ। ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਦੇ 255 ਕੈਡੇਟ ਐੱਨਡੀਏ ਅਤੇ ਹੋਰ ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਲਈ ਚੁਣੇ ਗਏ ਹਨ ਅਤੇ 178 ਕੈਡੇਟਾਂ ਨੇ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਜੁਆਇਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 15 ਕੈਡੇਟਾਂ ਨੂੰ ਪਹਿਲਾਂ ਹੀ ਐੱਨਡੀਏ/ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਤੋਂ ਨਿਯੁਕਤੀ ਪੱਤਰ ਮਿਲ ਚੁੱਕੇ ਹਨ। ਮੇਜਰ ਜਨਰਲ ਚੌਹਾਨ ਨੇ ਹਥਿਆਰਬੰਦ ਸੈਨਾਵਾਂ ਲਈ ਇੱਕ ‘ਫੀਡਰ ਸੰਸਥਾ’ ਵਜੋਂ ਇੰਸਟੀਚਿਊਟ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਇਹ ਸੰਸਥਾ ਸਫ਼ਲਤਾ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ।