DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਲੀ: ਸੈਕਟਰ-25 ਵਿੱਚ ਨੌਜਵਾਨ ਖਹਿਬੜੇ; ਇੱਕ ਹਲਾਕ

ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਤਾਇਨਾਤ ਰਹੀ ਪੁਲੀਸ; 35 ਸੜਕ ਹਾਦਸੇ ਵਾਪਰੇ ਅਤੇ 205 ਥਾਵਾਂ ’ਤੇ ਹੋਏ ਝਗੜੇ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਵਾਹਨਾਂ ਦੀ ਤਲਾਸ਼ੀ ਲੈਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 15 ਮਾਰਚ

Advertisement

ਚੰਡੀਗੜ੍ਹ ਵਿੱਚ ਹੋਲੀ ਵਾਲੇ ਦਿਨ ਸੈਕਟਰ-25 ਵਿੱਚ ਨੌਜਵਾਨਾਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਹੋਰ ਦੇ ਕਾਫੀ ਸੱਟਾਂ ਵੱਜੀਆਂ। ਮ੍ਰਿਤਕ ਦੀ ਪਛਾਣ ਅੰਕਿਤ ਵਜੋਂ ਹੋਈ ਹੈ, ਜਦੋਂ ਕਿ ਸੌਰਵ ਨਾਮ ਦਾ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-11 ਦੀ ਪੁਲੀਸ ਨੇ ਕੁਨਾਲ, ਮਨੀ ਤੇ ਮੋਨੂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੈਕਟਰ-25 ਵਿੱਚ ਨੌਜਵਾਨ ਹੋਲੀ ਖੇਡ ਰਹੇ ਸਨ। ਇਸੇ ਦੌਰਾਨ ਕੁਝ ਨੌਜਵਾਨਾਂ ਵੱਲੋਂ ਇਕ ਦੂਜੇ ’ਤੇ ਅੰਡੇ ਮਾਰੇ ਜਾ ਰਹੇ ਸਨ। ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਅੰਕਿਤ ਤੇ ਸੌਰਵ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਨਾਲ ਨੇ ਕਥਿਤ ਤੌਰ ’ਤੇ ਅੰਕਿਤ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਅੰਕਿਤ ਨੂੰ ਤੁਰੰਤ ਪੀਜੀਆਈ ਲੈ ਕੇ ਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉੱਧਰ ਸੌਰਵ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਸੈਕਟਰ-11 ਦੀ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਹੋਲੀ ਵਾਲੇ ਦਿਨ ਹਰੇਕ ਆਮ ਤੋਂ ਲੈ ਕੇ ਖਾਸ ਵਿਅਕਤੀ ਨੇ ਰੰਗਾਂ ਦੇ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਇਆ ਹੈ। ਇਸ ਦੌਰਾਨ ਸੁਖਨਾ ਝੀਲ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ ਦੇ ਆਲੇ-ਦੁਆਲੇ ਸਣੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਨੌਜਵਾਨਾਂ ਦੀ ਸਾਰਾ ਦਿਨ ਭੀੜ ਲੱਗੀ ਰਹੀ। ਸ਼ਹਿਰ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਵੀ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਤਾਇਨਾਤ ਰਹੇ, ਜਿਨ੍ਹਾਂ ਨੇ ਹੁੱਲੜਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਪੁਲੀਸ ਦੀ ਸਖਤੀ ਦੇ ਬਾਵਜੂਦ ਸ਼ਹਿਰ ਵਿੱਚ ਲੜਾਈ ਝਗੜੇ, ਸੜਕੀ ਹਾਦਸੇ ਤੇ ਹੋਰ ਕਈ ਘਟਨਾਵਾਂ ਵਾਪਰੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ 14 ਮਾਰਚ ਨੂੰ ਹੋਲੀ ਵਾਲੇ ਦਿਨ ਸ਼ਹਿਰ ਵਿੱਚ 35 ਸੜਕ ਹਾਦਸੇ ਵਾਪਰੇ ਅਤੇ 205 ਥਾਵਾਂ ’ਤੇ ਲੜਾਈ-ਝਗੜੇ ਦੇ ਮਾਮਲੇ ਸਾਹਮਣੇ ਆਏ ਹਨ। ਇੰਨਾ ਹੀ ਨਹੀਂ ਹੋਲੀ ਵਾਲੇ ਦਿਨ ਪੁਲੀਸ ਕੰਟਰੋਲ ਰੂਮ ਵਿੱਚ 1096 ਲੋਕਾਂ ਵੱਲੋਂ ਫੋਨ ਰਾਹੀਂ ਸ਼ਿਕਾਇਤ ਕੀਤੀ ਗਈ ਹੈ, ਜਿਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ 449 ਥਾਈਂ ਮੌਕੇ ’ਤੇ ਪਹੁੰਚ ਕੇ ਨਿਬੇੜਾ ਕੀਤਾ। ਸ਼ਹਿਰ ਵਿੱਚ 18 ਥਾਵਾਂ ’ਤੇ ਆਵਾਜ਼ ਪ੍ਰਦੂਸ਼ਣ, 14 ਥਾਵਾਂ ’ਤੇ ਹੁੱਲੜਬਾਜ਼ੀ ਤੇ 209 ਹੋਰਨਾਂ ਥਾਵਾਂ ’ਤੇ ਆਪਸੀ ਤਕਰਾਰਬਾਜ਼ੀ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੋਲੀ ਵਾਲੇ ਦਿਨ ਸ਼ਹਿਰ ਵਿੱਚ ਦੋ ਥਾਈਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਕਾਬੂ ਪਾਇਆ ਗਿਆ।

ਦੂਜੇ ਪਾਸੇ ਟਰੈਫ਼ਿਕ ਪੁਲੀਸ ਨੇ ਵੀ ਸ਼ਹਿਰ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਚੰਡੀਗੜ੍ਹ ਪੁਲੀਸ ਦੇ ਸਮੂਹ ਐੱਸਪੀ, ਡੀਐੱਸਪੀ ਤੇ ਐੱਸਐੱਚਓ ਸਣੇ ਇਕ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਅਤੇ ਕਈ ਟੀਮਾਂ ਵੱਲੋਂ ਸ਼ਹਿਰ ਵਿੱਚ ਗਸ਼ਤ ਕੀਤੀ ਗਈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵੀ ਸ਼ਹਿਰ ਵਿੱਚ ਚੌਕਸੀ ਰੱਖੀ ਜਾ ਰਹੀ ਸੀ।

ਸੁਖਨਾ ਝੀਲ ’ਤੇ ਲਾਠੀਚਾਰਜ

ਹੋਲੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਨੌਜਵਾਨ ਸੁਖਨਾ ਝੀਲ ’ਤੇ ਇਕੱਠੇ ਹੋਏ ਪਏ ਸਨ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਵੀ ਤਾਇਨਾਤ ਸੀ, ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਜਾ ਰਿਹਾ ਸੀ। ਇਸ ਦੇ ਬਾਵਜੂਦ ਕੁਝ ਨੌਜਵਾਨਾਂ ਵੱਲੋਂ ਸ਼ਰਾਰਤ ਕੀਤੀ ਜਾ ਰਹੀ ਸੀ ਤਾਂ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਹੈ।

ਮੁਹਾਲੀ ਪੁਲੀਸ ਨੇ 2927 ਚਲਾਨ ਕੱਟੇ; 79 ਵਾਹਨ ਜ਼ਬਤ

ਐੱਸਏਐੱਸ ਨਗਰ (ਦਰਸ਼ਨ ਸਿੰਘ ਸੋਢੀ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁਹਾਲੀ ਵਿੱਚ ਪੁਲੀਸ ਵੱਲੋਂ 2929 ਲੋਕਾਂ ਦੇ ਵਾਹਨਾਂ ਦੇ ਚਲਾਨ ਕੱਟੇ ਗਏ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਕਰੀਬ 26 ਟਰੈਫਿਕ ਨਾਕੇ ਲਗਾਏ ਗਏ। ਇਸ ਦੌਰਾਨ ਬਿਨਾਂ ਹੈਲਮਟ ਅਤੇ ਹੁੱਲੜਬਾਜ਼ੀ ਕਰਨ ਵਾਲੇ 1428 ਨੌਜਵਾਨਾਂ ਦੇ ਚਲਾਨ ਕੀਤੇ ਗਏ ਅਤੇ ਬਿਨਾਂ ਦਸਤਾਵੇਜ਼ਾਂ ਵਾਲੇ ਕਰੀਬ 79 ਵਾਹਨ ਜ਼ਬਤ ਕੀਤੇ ਗਏ।

ਬੇਕਾਬੂ ਟਰੈਕਟਰ ਡਿਵਾਈਡਰ ’ਤੇ ਚੜਿਆ

ਘਨੌਲੀ (ਜਗਮੋਹਨ ਸਿੰਘ): ਬੀਤੇ ਦਿਨ ਹੋਲੇ ਮਹੱਲੇ ਦੇ ਦਰਸ਼ਨਾਂ ਲਈ ਜਾ ਰਿਹਾ ਸ਼ਰਧਾਲੂਆਂ ਦਾ ਟਰੈਕਟਰ ਭਰਤਗੜ੍ਹ ਕਸਬੇ ਤੋਂ ਅੱਗੇ ਬੜਾ ਪਿੰਡ ਦੀ ਉਤਰਾਈ ਵਿੱਚ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ’ਤੇ ਚੜ੍ਹ ਗਿਆ। ਹਾਦਸੇ ਦੌਰਾਨ ਸ਼ਰਧਾਲੂਆਂ ਦਾ ਸੱਟਾਂ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਿਕ ਪੱਟੀ ਸ਼ਹਿਰ ਤੋਂ ਲਗਭਗ ਦੋ ਦਰਜਨ ਦੇ ਕਰੀਬ ਸ਼ਰਧਾਲੂ ਟਰੈਕਟਰ ਟਰਾਲੀ ’ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਸਨ। ਜਦੋਂ ਉਹ ਪਿੰਡ ਬੜਾ ਪਿੰਡ ਦੀ ਉਤਰਾਈ ਵਿੱਚ ਪੁੱਜੇ ਤਾਂ ਟਰੈਕਟਰ ਚਾਲਕ ਤੋਂ ਟਰੈਕਟਰ ਨਿਊਟਰਲ ਹੋਣ ਉਪਰੰਤ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ’ਤੇ ਚੜ੍ਹ ਗਿਆ। ਇਸ ਦੌਰਾਨ ਟਰੈਕਟਰ ਦੇ ਅਗਲੇ ਦੋਵੇਂ ਟਾਇਰ ਟਰੈਕਟਰ ਤੋਂ ਲਹਿ ਕੇ ਵੱਖਰੇ ਹੋ ਗਏ ਤੇ ਟਰੈਕਟਰ ਦਾ ਕਾਫੀ ਨੁਕਸਾਨ ਹੋ ਗਿਆ।

ਪਿਓ ਤੇ ਤਿੰਨ ਪੁੱਤਰ ਜ਼ਖ਼ਮੀ

ਡੇਰਾਬੱਸੀ (ਹਰਜੀਤ ਸਿੰਘ): ਇੱਥੋਂ ਦੇ ਮੁਬਾਰਕਪੁਰ ਵਿੱਚ ਹੋਲੀ ਵਾਲੇ ਦਿਨ ਝੁੱਗੀ ਝੌਪੜੀ ਵਿੱਚ ਰਹਿੰਦੇ ਦੋ ਪਰਿਵਾਰਾਂ ਦੇ ਝਗੜੇ ਵਿੱਚ ਪਿਓ ਅਤੇ ਉਸ ਦੇ ਤਿੰਨ ਪੁੱਤਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਰਾਮ ਸਨੇਹ ਨੇ ਦੱਸਿਆ ਕਿ ਹੋਲੀ ਮਨਾ ਕੇ ਉਹ ਆਪਣੇ ਘਰ ਦੇ ਬਾਹਰ ਖੜ੍ਹੇ ਸੀ। ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਬਿਨਾਂ ਕਿਸੇ ਗੱਲ ਤੋਂ ਉਨ੍ਹਾਂ ਨਾਲ ਲੜਾਈ-ਝਗੜਾ ਕਰਨ ਲੱਗ ਗਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਲੈਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਝਗੜੇ ਦੌਰਾਨ ਗਰਭਵਤੀ ਔਰਤ ਸਣੇ ਚਾਰ ਜ਼ਖ਼ਮੀ

ਡੇਰਾਬੱਸੀ (ਹਰਜੀਤ ਸਿੰਘ): ਇੱਥੋਂ ਦੇ ਨੇੜਲੇ ਪਿੰਡ ਪੰਡਵਾਲਾ ਵਿੱਚ ਹੋਲੀ ਵਾਲੇ ਦਿਨ ਗਲੀ ਵਿੱਚੋਂ ਤੂੜੀ ਦੀ ਭਰੀ ਟਰਾਲੀ ਨੂੰ ਕੱਢਣ ਲੈ ਕੈ ਗੁਆਂਢੀਆਂ ਵਿਚਕਾਰ ਹੋਏ ਝਗੜੇ ਵਿੱਚ ਇਕ ਗਰਭਵਤੀ ਔਰਤ ਸਣੇ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਲੈਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿੱਚ ਜ਼ਖ਼ਮੀ ਪਵਨਦੀਪ ਕੌਰ ਨੇ ਪਤਨੀ ਮੋਹਿਤ ਸੈਣੀ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਗਲੀ ਵਿੱਚ ਇਕ ਤੂੜੀ ਦੀ ਭਰੀ ਟਰੈਕਟਰ ਟਰਾਲੀ ਨੂੰ ਨਿਕਲਣ ਵਿੱਚ ਦਿੱਕਤ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੇ ਗੁਆਂਢੀ ਨੇ ਆਪਣੇ ਘਰ ਦਾ ਛੱਜਾ ਕਾਫੀ ਗਲੀ ਵੱਲ ਵਧਾਇਆ ਹੋਇਆ ਹੈ ਜਿਸ ਕਾਰਨ ਹਰੇਕ ਵਾਹਨ ਉਨ੍ਹਾਂ ਦੀ ਕੰਧ ਨਾਲ ਰਗੜਾ ਖਾ ਕੇ ਨਿਕਲਦਾ ਹੈ ਜਿਸ ਨਾਲ ਉਨ੍ਹਾਂ ਦੇ ਘਰ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਨੂੰ ਲੈ ਕੇ ਜਦ ਉਨ੍ਹਾਂ ਨੇ ਗੁਆਂਢੀ ਨਾਲ ਗੱਲ ਕੀਤੀ ਤਾਂ ਉਹ ਗਾਲਾਂ ਕੱਢਣ ਲੱਗ ਗਏ ਅਤੇ ਉਨ੍ਹਾਂ ਨੇ ਉਨ੍ਹਾਂ ਨਾਲ ਝਗੜਾ ਕਰਦਿਆਂ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਕ ਮਹੀਨੇ ਦੀ ਗਰਭਵਤੀ ਹੈ। ਹਮਲਾਵਰਾਂ ਨੇ ਉਸ ਨਾਲ ਅਤੇ ਉਸ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਾਰਕੁੱਟ ਕੀਤੀ ਜਿਸ ਕਾਰਨ ਉਹ ਪਰਿਵਾਰ ਦੇ ਚਾਰ ਜਣੇ ਜ਼ਖ਼ਮੀ ਹੋ ਗਏ, ਜਿਸ ਵਿੱਚ ਉਸ ਦੇ ਜੇਠ ਅਤੇ ਜਠਾਨੀ ਵੀ ਸ਼ਾਮਲ ਹਨ। ਦੂਜੇ ਪਾਸੇ ਦੂਜੀ ਧਿਰ ਨੇ ਕਿਹਾ ਕਿ ਝਗੜੇ ਦਾ ਦੋਸ਼ ਲਾ ਰਹੀ ਪਾਰਟੀ ਵੱਲੋਂ ਕੁੱਟਮਾਰ ਕੀਤੀ ਗਈ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਜ਼ਖ਼ਮੀਆਂ ਦੇ ਬਿਆਨ ਲੈਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
×