ਸਹੂਲਤਾਂ ਤੋਂ ਸੱਖਣੇ ਜੇਟੀਪੀਐੱਲ ਵਾਸੀਆਂ ਵੱਲੋਂ ਹਾਈਵੇਅ ਜਾਮ
ਬੁਨਿਆਦੀ ਸਹੂਲਤਾਂ ਨਾਲ ਜੂਝ ਰਹੇ ਖਰੜ ਦੇ ਸੈਕਟਰ-115 ਸਥਿਤ ਜੇਟੀਪੀਐੱਲ ਸੁਸਾਇਟੀ ਦੇ ਵਸਨੀਕਾਂ ਨੇ ਅੱਜ ਆਪਣੀਆਂ ਲੰਬੇ ਸਮੇਂ ਤੋਂ ਅਣਸੁਣੀਆਂ ਮੰਗਾਂ ਨੂੰ ਲੈ ਕੇ ਲਾਂਡਰਾਂ-ਖਰੜ ਹਾਈਵੇਅ ਜਾਮ ਕਰ ਦਿੱਤਾ ਅਤੇ ਖਰੜ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜੇਟੀਪੀਐੱਲ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਭਵ ਨਈਅਰ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਸੀਵਰੇਜ ਪਲਾਂਟ ਦਾ ਕੰਮ ਚੱਲ ਰਿਹਾ ਹੈ। ਸੜਕਾਂ ਤੋੜ ਕੇ ਪਾਈਪਾਂ ਬਿਛਾਈਆਂ ਗਈਆਂ ਹਨ ਪਰ ਮੁਰੰਮਤ ਨਹੀਂ ਕੀਤੀ ਗਈ। ਸੜਕਾਂ ’ਤੇ ਖੜ੍ਹਾ ਮੀਂਹ ਤੇ ਸੀਵਰੇਜ ਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਕਈ ਵਾਰ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਟੁੱਟ ਜਾਂਦੀਆਂ ਹਨ, ਜਿਸ ਕਾਰਨ ਸੁਸਾਇਟੀ ਵਾਸੀਆਂ ਨੂੰ ਕਈ ਦਿਨ ਤੱਕ ਪਾਣੀ ਦੇ ਸੰਕਟ ਨਾਲ ਜੂਝਣਾ ਪੈਂਦਾ ਹੈ।
ਸੁਸਾਇਟੀ ਵਿੱਚੋਂ ਲੰਘ ਰਿਹਾ ਸੀਵਰੇਜ ਟਰੀਟਮੈਂਟ ਪਲਾਂਟ ਹੁੰਦਿਆਂ ਵੀ ਇਸਨੂੰ ਕੁਨੈਕਸ਼ਨ ਨਹੀਂ ਦਿੱਤਾ ਗਿਆ, ਜਿਸ ਕਾਰਨ 900 ਤੋਂ ਵੱਧ ਪਰਿਵਾਰ ਮੁਸ਼ਕਲ ਵਿੱਚ ਹਨ।
ਸੁਸਾਇਟੀ ਦੀ ਜਨਰਲ ਸਕੱਤਰ ਸੁਮਨ ਲਤਾ ਨੇ ਦੱਸਿਆ ਕਿ ਸੁਸਾਇਟੀ ਦਾ ਪਾਣੀ ਪਿੰਡ ਖ਼ੂਨੀਮਾਜਰਾ ਦੇ ਟੋਭੇ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਬੰਦ ਹੋਣ ’ਤੇ ਮੁੜ ਸੁਸਾਇਟੀ ਵਿੱਚ ਦਾਖ਼ਲ ਹੋ ਜਾਂਦਾ ਹੈ।ਸਮਾਜ ਸੇਵੀ ਹਰਜੀਤ ਪੰਨੂ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ, ਸੜਕਾਂ, ਬਰਸਾਤੀ ਪਾਣੀ ਦੀ ਨਿਕਾਸੀ ਤੇ ਪਾਰਕਾਂ ਦੀ ਹਾਲਤ ਕਾਫ਼ੀ ਖ਼ਸਤਾ ਹੈ। ਡੀਐਸਪੀ ਦਫ਼ਤਰ ਤੋਂ ਪਹੁੰਚੇ ਅਧਿਕਾਰੀਆਂ ਵੱਲੋਂ ਇੱਕ ਹਫਤੇ ਵਿੱਚ ਮਸਲੇ ਹੱਲ ਕਰਨ ਦਾ ਭਰੋਸਾ ਮਿਲਣ ਅਤੇ 10 ਅਗਸਤ ਨੂੰ ਐੱਸਡੀਐੱਮ ਨਾਲ ਮੀਟਿੰਗ ਤੈਅ ਹੋਣ ’ਤੇ ਜਾਮ ਖੋਲ੍ਹਿਆ ਗਿਆ।
ਬੀਕੇਯੂ (ਲੱਖੋਵਾਲ) ਵੱਲੋਂ ਸੁਸਾਇਟੀ ਵਾਸੀਆਂ ਦੀਆਂ ਮੰਗਾਂ ਦਾ ਸਮਰਥਨ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਖ਼ੂਨੀਮਾਜਰਾ ਨੇ ਸੁਸਾਇਟੀ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਮਸਲੇ ਜਲਦੀ ਹੱਲ ਨਾ ਹੋਏ ਤਾਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਐੱਸਡੀਐੱਮ ਦਫ਼ਤਰ ਖਰੜ ਵਿਖੇ ਧਰਨਾ ਦਿੱਤਾ ਜਾਵੇਗਾ। ਪੰਜਾਬ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਝੀ ਨੇ ਵੀ ਸਰਕਾਰ ’ਤੇ ਵਿਕਾਸ ਕਾਰਜਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ।