ਹਾਈ ਕੋਰਟ ਨੇ ਬਰਖ਼ਾਸਤ ਸਿਪਾਹੀ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਅੱਜ ਬਠਿੰਡਾ ਪੁਲੀਸ ਦੀ ਬਰਖ਼ਾਸਤ ਸਿਪਾਹੀ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਜਸਟਿਸ ਮੰਜਰੀ ਨਹਿਰੂ ਕੌਲ ਦੀ ਅਦਾਲਤ ਨੇ ਅਮਨਦੀਪ ਕੌਰ ਵੱਲੋਂ ਦਾਇਰ ਰੈਗੂਲਰ ਜ਼ਮਾਨਤ ਦੀ ਅਰਜ਼ੀ ਨੂੰ ਨਾਮਨਜ਼ੂਰ ਕੀਤਾ ਹੈ।
ਚੇਤੇ ਰਹੇ ਕਿ ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਅਮਨਦੀਪ ਕੌਰ ਖ਼ਿਲਾਫ਼ 26 ਮਈ, 2025 ਨੂੰ ਐੱਫਆਈਆਰ ਨੰਬਰ 15 ਦਰਜ ਕੀਤੀ ਗਈ ਸੀ। ਉਸ ਖ਼ਿਲਾਫ਼ ਇਹ ਕੇਸ ਵਸੀਲਿਆਂ ਤੋਂ ਵੱਧ ਆਮਦਨ ਦੇ ਇਲਜ਼ਾਮਾਂ ਤਹਿਤ ਦਰਜ ਹੋਇਆ ਸੀ।
ਅਮਨਦੀਪ ਕੌਰ ਜੋ ਕਿ ‘ਥਾਰ ਵਾਲੀ ਬੀਬੀ’ ਵਜੋਂ ਮਸ਼ਹੂਰ ਹੋਈ ਸੀ, ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਉਸ ਨੇ ਪਹਿਲਾਂ ਬਠਿੰਡਾ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਅਰਜ਼ੀ ਲਾਈ ਸੀ ਜਿਸ ਨੂੰ ਸ੍ਰੀ ਰਾਜੀਵ ਕਾਲੜਾ ਏਐਸਜੇ ਦੀ ਅਦਾਲਤ ਨੇ ਖ਼ਾਰਜ ਕਰ ਦਿੱਤਾ ਸੀ। ਉਸ ਮਗਰੋਂ ਅਮਨਦੀਪ ਕੌਰ ਨੇ ਜ਼ਮਾਨਤ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ।
ਅਮਨਦੀਪ ਕੌਰ ਦੇ ਮੁਕੱਦਮੇ ਵਿੱਚ ਵਿਜੀਲੈਂਸ ਵੱਲੋਂ 19 ਜੁਲਾਈ, 2025 ਨੂੰ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਉਸ ਖ਼ਿਲਾਫ਼ ਚਾਰਜ ਤੈਅ ਕਰਨ ਲਈ ਅਗਲੀ ਤਰੀਕ 23 ਜੁਲਾਈ ਮੁਕੱਰਰ ਹੈ।