ਕਾਹਨਪੁਰ ਖੂਹੀ-ਬਾਥੜੀ ਸੜਕ ’ਤੇ ਭਾਰੀ ਵਾਹਨਾਂ ’ਤੇ ਪਾਬੰਦੀ
ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਕਾਹਨਪੁਰ ਖੂਹੀ ਤੋਂ ਬਾਥੜੀ ਬਰਾਸਤਾ ਖੇੜਾ ਕਲਮੋਟ ’ਤੇ ਭਾਰੀ ਵਾਹਨਾਂ ਦੇ ਚੱਲਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਚੰਦਰਜਯੋਤੀ ਸਿੰਘ ਵੱਲੋਂ ਜਾਰੀ ਹੁਕਮ ਮੁਤਾਬਕ ਧਾਰਾ-163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਾਹਨਪੁਰ ਖੂਹੀ ਤੋਂ ਬਾਥੜੀ ਬਸਾਰਤਾ ਖੇੜਾ ਕਲਮੋਟ ਤੱਕ ਸੜਕ ’ਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਹੁਣ ਭਾਰੀ ਵਾਹਨਾਂ ਨੂੰ ਬਰਾਸਤਾ ਨੰਗਲ-ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ’ਤੇ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਲ ਏਰੀਏ ਦੇ ਵਸਨੀਕ ਰਾਤ 10.00 ਵਜੇ ਤੋਂ ਸਵੇਰੇ 6:00 ਵਜੇ ਤੱਕ ਕਾਹਨਪੁਰ ਖੂਹੀ ਤੋਂ ਬਾਥੜੀ ਤੱਕ ਸੜਕ ਭਾਰੀ ਵਾਹਨਾਂ ਲਈ ਵਰਤ ਸਕਦੇ ਹਨ। ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸੜਕ ਖਣਨ ਮਾਫੀਏ ਵੱਲੋਂ ਭਾਰੀ ਵਾਹਨਾਂ ਰਾਹੀਂ ਤੋੜੀ ਗਈ ਹੈ। ਲੋਕਾਂ ਨੇ ਰੂਪਨਗਰ ਡੀਸੀ ਤੋਂ ਮੰਗ ਕੀਤੀ ਹੈ ਕਿ ਪਾਬੰਦੀ ਲਗਾਉਣ ਦੀ ਬਜਾਏ ਇਸ ਸੜਕ ’ਤੇ ਪ੍ਰੀਮਿਕਸ ਪਾ ਕੇ ਇਸ ਨੂੰ ਨਵਾਂ ਬਣਾਉਣ ਦੇ ਹੁਕਮ ਦਿੱਤੇ ਜਾਣ।