ਐੱਸ ਡੀ ਐੱਮ ਅਮਿਤ ਗੁਪਤਾ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਮੁਬਾਰਕਪੁਰ ਰੇਲਵੇ ਅੰਡਰਪਾਥ ਵਿੱਚੋਂ ਭਾਰੀ ਵਾਹਨਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਥਾਨਕ ਲੋਕਾਂ ਵੱਲੋਂ ਮੁਬਾਰਕਪੁਰ ਅੰਡਰਪਾਥ ਦੀ ਖਸਤਾ ਹਾਲਤ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਲਿਆ ਹੈ। ਉਨ੍ਹਾਂ ਨੇ ਇਸ ਫੈਸਲੇ ਦੀ ਪਾਲਣਾ ਕਰਨ ਲਈ ਥਾਣਾ ਮੁਖੀ ਅਤੇ ਨਗਰ ਕੌਂਸਲ ਨੂੰ ਆਪਣੇ ਹੁਕਮਾਂ ਦੀ ਕਾਪੀ ਭੇਜ ਕੇ ਇਸਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਲੰਮੇ ਸਮੇਂ ਤੋਂ ਮੁਬਾਰਕਪੁਰ ਅੰਡਰਪਾਥ ਵਿੱਚ ਪਾਣੀ ਭਰਨ ਅਤੇ ਇਸਦੀ ਸੜਕ ਦੀ ਖਸਤਾ ਹਾਲਤ ਸਬੰਧੀ ਸਥਾਨਕ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ। ਇਸਦਾ ਮੁੱਖ ਕਾਰਨ ਇਥੋਂ ਲੰਘਣ ਵਾਲੇ ਭਾਰੀ ਵਾਹਨ ਹਨ। ਇਥੋਂ ਹਰ ਵੇਲੇ ਮਿੱਟੀ, ਰੇਤ ਅਤੇ ਬਜ਼ਰੀ ਦੇ ਓਵਰਲੋਡ ਟਿੱਪਰ ਲੰਘਦੇ ਹਨ ਜਿਨ੍ਹਾਂ ਵਿੱਚ ਐਨਾ ਜ਼ਿਆਦਾ ਭਾਰ ਹੁੰਦਾ ਹੈ ਜੋ ਇਸਦਾ ਸੜਕ ਭਾਰ ਝੱਲਣ ਵਿੱਚ ਨਾਕਾਮ ਸਾਬਤ ਹੁੰਦੀ ਹੈ ਅਤੇ ਇਹ ਵਾਰ ਵਾਰ ਟੁੱਟ ਜਾਂਦੀ ਹੈ।
ਐੱਸ ਡੀ ਐੱਮ ਅਮਿਤ ਗੁਪਤਾ ਨੇ ਕਿਹਾ ਕਿ ਲੋਕਾਂ ਦੀ ਮੰਗ ’ਤੇ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਗਰਾਨੀ ਕਰਨ ਅਤੇ ਇਸਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕਰਨ। ਦੂਜੇ ਪਾਸੇ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਕਿਹਾ ਕਿ ਇਸ ਸਬੰਧੀ ਛੇਤੀ ਰੇਲਵੇ ਅੰਡਰਪਾਥ ਦੇ ਦੋਵੇਂ ਪਾਸੇ ਬੈਰੀਕੇਡ ਲਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ।