ਚੰਡੀਗੜ੍ਹ ਤੇ ਮੁਹਾਲੀ ’ਚ ਕਈ ਥਾਈਂ ਭਾਰੀ ਮੀਂਹ, ਕਿਤੇ ਕਣੀ ਵੀ ਨਾ ਪਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਸ਼ਾਮ 5 ਵਜੇ ਦੇ ਕਰੀਬ ਅਚਾਨਕ ਆਈ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਤਾਂ ਦਿੱਤੀ ਪਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਮਾਰਕੀਟਾਂ ਵਿੱਚ ਖਰੀਦੋ ਫਰੋਖਤ ਦਾ ਮਜ਼ਾ ਵੀ ਕਿਰਕਰਾ ਕਰਕੇ ਰੱਖ ਦਿੱਤਾ। ਮਾਰਕੀਟਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਜਾਂ ਵਰਾਂਡਿਆਂ ਵਿੱਚ ਰੱਖ ਕੇ ਰੱਖੜੀਆਂ, ਡਰਾਈ ਫਰੂਟ ਅਤੇ ਹੋਰ ਸਾਮਾਨ ਭਿੱਜ ਗਿਆ। ਸਾਮਾਨ ਸੰਭਾਲਣ ਵਾਸਤੇ ਦੁਕਾਨਦਾਰਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਬਾਰਿਸ਼ ਕਾਫੀ ਤੇਜ਼ ਹੋਣ ਕਰਕੇ ਸੜਕਾਂ ਉੱਤੇ ਪਾਣੀ ਭਰ ਗਿਆ ਜਿਸ ਕਰਕੇ ਕਈ ਵਾਹਨ ਪਾਣੀ ਪੈਣ ਕਰਕੇ ਬੰਦ ਵੀ ਹੋਏ।
ਦੂਜੇ ਪਾਸੇ ਅੱਜ ਸਵੇਰ ਤੋਂ ਹੀ ਸੈਕਟਰ 16, 17 ਦੇ ਖੇਤਰ ਵਿੱਚ ਟਰੈਫਿਕ ਲਾਈਟਾਂ ਬੰਦ ਪਈਆਂ ਹੋਣ ਕਰਕੇ ਲਾਈਟ ਪੁਆਇੰਟਾਂ ’ਤੇ ਵੀ ਟਰੈਫਿਕ ਦੇ ਜਾਮ ਲੱਗੇ ਅਤੇ ਲੋਕ ਪ੍ਰੇਸ਼ਾਨ ਹੋਏ।
ਐੱਸਏਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਮੁਹਾਲੀ ਦੇ ਫੇਜ਼ ਛੇ, ਫੇਜ਼ ਪਹਿਲਾ ਅਤੇ ਚੰਡੀਗੜ੍ਹ ਨਾਲ ਲੱਗਦੇ ਇਸ ਖੇਤਰ ਵਿਚ ਅੱਜ ਸ਼ਾਮੀਂ ਭਾਰੀ ਬਾਰਿਸ਼ ਹੋਈ। ਸ਼ਹਿਰ ਦਾ ਜ਼ਿਆਦਾਤਰ ਹਿੱਸਾ ਸੁੱਕਾ ਰਿਹਾ ਤੇ ਕੁੱਝ ਥਾਵਾਂ ’ਤੇ ਮਾਮੂਲੀ ਮੀਂਹ ਪਿਆ।
ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਪਰ ਜਿਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਮੀਂਹ ਪਿਆ, ਉੱਥੇ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਦੁਕਾਨਾਂ ਤੋਂ ਬਾਹਿਰ ਸਟਾਲਾਂ ਲਗਾ ਕੇ ਰੱਖੜੀ ਵੇਚ ਰਹੇ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫੇਜ਼ ਪਹਿਲੇ ਦੇ ਵਸਨੀਕ ਸੁਰਿੰਦਰ ਸਿੰਘ ਤੇ ਕਈਂ ਹੋਰਨਾਂ ਨੇ ਦੱਸਿਆ ਕਿ ਇੱਥੇ ਡੇਢ ਘੰਟੇ ਦੇ ਕਰੀਬ ਭਾਰੀ ਬਰਸਾਤ ਹੋਈ। ਉਨ੍ਹਾਂ ਦੱਸਿਆ ਕਿ ਕਈਂ ਨੀਵੀਆਂ ਸੜਕਾਂ ਵਿਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਮੀਂਹ ਬਹੁਤ ਜ਼ੋਰਦਾਰ ਸੀ ਅਤੇ ਇਸ ਨਾਲ ਲੋਕਾਂ ਨੂੰ ਸਖ਼ਤ ਗਰਮੀ ਤੋਂ ਵੀ ਨਿਜ਼ਾਤ ਮਿਲੀ ਹੈ। ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਅੰਦਰੂਨੀ ਸੜਕਾਂ ਉੱਤੇ ਪਾਣੀ ਵਿੱਚੋਂ ਲੰਘਣਾ ਪਿਆ। ਇਸੇ ਤਰਾਂ ਫੇਜ਼ ਛੇ ਵਿਖੇ ਸਥਿਤ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਵੀ ਮੀਂਹ ਦੇ ਪਾਣੀ ਦੀ ਇੱਕ ਵੀਡੀਓ ਵਾਇਰਲ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਡ ਵਿਚ ਹਰ ਵੇਰ ਹੀ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਛੱਤ ਉੱਤੋਂ ਪਾਣੀ ਡਿੱਗਦਾ ਹੈ, ਜਿਹੜਾ ਵਾਰਡ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਵੀਡੀਓ ਵਿਚ ਇੱਕ ਸਫ਼ਾਈ ਸੇਵਕ ਪਾਣੀ ਬਾਹਿਰ ਕੱਢਦਾ ਨਜ਼ਰ ਆ ਰਿਹਾ ਹੈ, ਜਦੋਂ ਕਿ ਇੱਕ ਮਹਿਲਾ ਪਾਣੀ ਵਿੱਚੋਂ ਲੰਘਦੀ ਹੋਈ ਦਿਖਾਈ ਦੇ ਰਹੀ ਹੈ।