ਸਿਹਤ ਵਿਭਾਗ ਵੱਲੋਂ ਟੀਬੀ ਦੇ ਖ਼ਾਤਮੇ ਲਈ ਖੋਜ ਮੁਹਿੰਮ
ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਵੱਲੋਂ ਅੱਜ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਯਤਨਾਂ ਨੂੰ ਤੇਜ਼ ਕਰਨ ਲਈ 15 ਰੋਜ਼ਾ ਐਕਟਿਵ ਕੇਸ ਖੋਜ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦਾ ਉਦਘਾਟਨ ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਵੱਲੋਂ ਕੀਤਾ ਗਿਆ। ਇਸ ਪਹਿਲ ਦਾ ਉਦੇਸ਼ ਮੌਲੀ ਜਾਗਰਾਂ, ਮੌਲੀ ਪਿੰਡ, ਦੜੂਆ, ਰਾਏਪੁਰ ਕਲਾਂ ਅਤੇ ਮੱਖਣ ਮਾਜਰਾ ਸਣੇ ਹੋਰ ਖੇਤਰਾਂ ’ਚ ਟੀਬੀ ਦੇ ਮਾਮਲਿਆਂ ਦੀ ਜਲਦੀ ਪਛਾਣ ਅਤੇ ਮੁਫ਼ਤ ਇਲਾਜ ਕਰਨਾ ਹੈ। ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ਡਾ. ਸੁਮਨ ਸਿੰਘ ਨਾਲ ਡਾ. ਸੁਸ਼ੀਲ ਕੁਮਾਰ ਮਾਹੀ (ਐੱਮਐੱਸ), ਡਾ. ਪਰਮਜੀਤ ਸਿੰਘ (ਡੀਐੱਮਐੱਸ), ਡਾ. ਚਾਰੂ ਸਿੰਗਲਾ (ਨੋਡਲ ਅਫ਼ਸਰ, ਐੱਨਐੱਚਐੱਮ), ਡਾ. ਨਵਨੀਤ ਕੰਵਰ (ਸਟੇਟ ਟੀਬੀ ਅਫ਼ਸਰ) ਅਤੇ ਡਾ. ਮਨਜੀਤ ਸਿੰਘ (ਡੀਐੱਫਡਬਲਿਊਓ) ਵੀ ਸ਼ਾਮਲ ਹੋਏ।
ਇਸ ਮੁਹਿੰਮ ਤਹਿਤ 20 ਸਮਰਪਿਤ ਟੀਮਾਂ ਨੂੰ ਘਰ-ਘਰ ਸਰਵੇਖਣ ਕਰਨ ਲਈ ਤਾਇਨਾਤ ਕੀਤਾ ਗਿਆ ਹੈ, ਜੋ ਕਮਿਊਨਿਟੀ ਆਊਟਰੀਚ ਦੇ ਜ਼ਰੀਏ ਸੰਭਾਵਿਤ ਟੀਬੀ ਕੇਸਾਂ ਦੀ ਪਛਾਣ ਕਰਨਗੀਆਂ। ਮੁਫ਼ਤ ਟੀਬੀ ਟੈਸਟਿੰਗ ਲਈ ਮੌਕੇ ’ਤੇ ਹੀ ਥੁੱਕ ਦੇ ਨਮੂਨੇ ਲਏ ਜਾਣਗੇ। ਇਸ ਤੋਂ ਇਲਾਵਾ ਨਜ਼ਦੀਕੀ ਆਯੂਸ਼ਮਾਨ ਆਰੋਗਯ ਮੰਦਿਰ ਵਿੱਚ ਮੋਬਾਈਲ ਐਕਸ-ਰੇ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ।
ਇਸ ਮੌਕੇ ਬੋਲਦੇ ਹੋਏ ਡਾ. ਸੁਮਨ ਸਿੰਘ ਨੇ ਕਿਹਾ ਕਿ ਸੰਭਾਵਿਤ ਜਾਂ ਸਕਾਰਾਤਮਕ ਮਾਮਲਿਆਂ ਵਜੋਂ ਪਛਾਣੇ ਵਿਅਕਤੀਆਂ ਦੀ ਤੁਰੰਤ ਪੁਸ਼ਟੀਕਰਨ ਜਾਂਚ ਕੀਤੀ ਜਾਵੇਗੀ ਅਤੇ ਬਿਨਾ ਦੇਰੀ ਦੇ ਮੁਫ਼ਤ ਟੀਬੀ ਇਲਾਜ ਸ਼ੁਰੂ ਕੀਤਾ ਜਾਵੇਗਾ। ਵਿਭਾਗ ਦਾ ਉਦੇਸ਼ ਇਹ ਪੱਕਾ ਕਰਨਾ ਹੈ ਕਿ ਕੋਈ ਵੀ ਕੇਸ ਲੁਕਿਆ ਜਾਂ ਇਲਾਜ ਤੋਂ ਬਿਨਾ ਨਾ ਰਹਿ ਜਾਵੇ।