ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਮੁਹਾਲੀ ਵਿੱਚ ਸਥਿਤ ਮੈਕਸ ਹਸਪਤਾਲ ਦੇ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਸਿਹਤ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ ਕਿ ਹਸਪਤਾਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਕਰੀਬੀ ਸਰਪੰਚ ਦੇ ਜੀਜਾ ਨੂੰ ਲੈ ਕੇ ਹਸਤਾਲ ਪਹੁੰਚੇ। ਇਸ ਦੌਰਾਨ ਕੈਬਨਿਟ ਮੰਤਰੀ ਹਸਪਤਾਲ ਦੇ ਪ੍ਰਬੰਧਾਂ ਨੂੰ ਵੇਖ ਕੇ ਨਾਰਾਜ਼ ਹੋ ਗਏ। ਉਨ੍ਹਾਂ ਲਾਈਵ ਹੋ ਕੇ ਹਸਪਤਾਲ ਦੇ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਸ੍ਰੀ ਬੈਂਸ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੋ ਕੇ ਕਿਹਾ ਕਿ ਹਸਪਤਾਲ ਦੇ ਬਾਹਰ ਦੋ-ਦੋ ਐਂਬੂਲੈਸਾਂ ਵਿੱਚ ਮਰੀਜ਼ ਪਏ ਹਨ ਪਰ ਹਸਪਤਾਲ ਵਿੱਚ ਦਾਖ਼ਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਵੱਲੋਂ ਪੈਸਾ ਕਮਾਉਣ ਦੀ ਹੋੜ ਵਿੱਚ ਮਰੀਜ਼ਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਸ੍ਰੀ ਬੈਂਸ ਨੇ ਆਪਣੇ ਐਕਸ ਅਕਾਉਂਟ ’ਤੇ ਲਿਖਿਆ,‘‘ ਮੈਕਸ ਹਸਪਤਾਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਅਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜਿਉਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਦੀ ਬਜਾਏ ਫਾਈਲ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ, ਜਦਕਿ ਐਮਰਜੈਂਸੀ ਵਾਰਡ ਬਿਲਕੁਲ ਖ਼ਾਲੀ ਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਹਮੀਰਪੁਰ ਤੋਂ ਇਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ, ਪਰ ਉਨ੍ਹਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ। ਸ੍ਰੀ ਬੈਂਸ ਨੇ ਕਿਹਾ ਕਿ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਲਈ ਇੱਕ ਇਨਸਾਨ ਦੀ ਕੀਮਤੀ ਜ਼ਿੰਦਗੀ ਤੋਂ ਵੱਧ ਪੈਸਾ ਮਹੱਤਵਪੂਰਨ ਹੈ, ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਮ ’ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਭਟਕਣਾ ਤੇ ਤੰਗ ਪਰੇਸ਼ਾਨ ਵੀ ਹੋਣਾ ਪੈਂਦਾ ਹੈ।’
ਬੈੱਡ ਨਾ ਹੋਣ ਬਾਰੇ ਮਰੀਜ਼ ਦੇ ਪਰਿਵਾਰ ਨੂੰ ਸੂਚਿਤ ਕੀਤਾ ਸੀ: ਹਸਪਤਾਲ ਪ੍ਰਬੰਧਕ
ਮੈਕਸ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ 60 ਸਾਲਾ ਮਰੀਜ਼ ਪਹਿਲਾਂ ਹਸਪਤਾਲ ਵਿੱਚ ਕਈ ਵਾਰ ਇਲਾਜ ਲਈ ਦਾਖਲ ਹੋ ਚੁੱਕਾ ਹੈ, ਜਿਸ ਨੂੰ ਆਖਰੀ ਵਾਰ 22 ਸਤੰਬਰ 2025 ਨੂੰ ਛੁੱਟੀ ਕੀਤੀ ਗਈ ਸੀ। ਅੱਜ ਉਹ ਐਮਰਜੈਂਸੀ ਵਿੱਚ ਮੁੜ ਤੋਂ ਆਇਆ ਸੀ ਪਰ ਉਸ ਸਮੇਂ ਕੋਈ ਆਈਸੀਯੂ ਬੈੱਡ ਉਪਲਬਧ ਨਹੀਂ ਸੀ। ਇਸ ਬਾਰੇ ਮਰੀਜ਼ ਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬੈੱਡ ਉਪਲਬਧ ਹੋਣ ’ਤੇ ਮਰੀਜ਼ ਨੂੰ ਬਾਅਦ ਵਿੱਚ ਸੀਸੀਯੂ ਵਿੱਚ ਦਾਖਲ ਕਰ ਦਿੱਤਾ ਗਿਆ।