ਉਤਸ਼ਾਹ ਨਾਲ ਮਨਾਇਆ ਗੁਰੂ ਨਾਨਕ ਖਾਲਸਾ ਸਕੂਲ ਦਾ ਸਾਲਾਨਾ ਸਮਾਗਮ
ਵਿਦਿਆਰਥੀਆਂ ਨੇ ਨਾਟਕ ਖੇਡੇ; ਵਾਤਾਵਰਨ ਦੀ ਸੰਭਾਲ ਕਰਨ ਦਾ ਸੰਦੇਸ਼
ਇੱਥੋਂ ਦੇ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, 30-ਬੀ ਦਾ ਸਾਲਾਨਾ ਸਮਾਗਮ ‘ਬਚਪਨ ਦੇ ਰੰਗ ਸਕੂਲ ਦੇ ਸੰਗ’ ਥੀਮ ਅਧੀਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਮਾਗਮ ਟੈਗੋਰ ਥੀਏਟਰ ਸੈਕਟਰ 18 ਵਿਚ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਪੀ. ਜੇ. ਸਿੰਘ (ਟਾਇਨੋਰ ਆਰਥੋਟਿਕਸ ਇੰਡੀਆ ਦੇ ਸੀਐਮਡੀ ਅਤੇ ਗੁਰਿੰਦਰ ਸਿੰਘ ਨੇ ਹਾਜ਼ਰੀ ਭਰੀ। ਇਹ ਸਮਾਗਮ ਸਕੂਲ ਦੇ 60 ਸਾਲਾਂ ਵਿਚ ਕੀਤੇ ਵਿਕਾਸ ਤੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਸੀ।
ਸਮਾਗਮ ਦੀ ਸ਼ੁਰੂਆਤ ਬੱਚਿਆਂ ਦੇ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਰਮਨਜੀਤ ਕੌਰ ਵੱਲੋਂ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਸਾਲ ਭਰ ਦੀਆਂ ਪ੍ਰਾਪਤੀਆਂ ਦੱਸੀਆਂ ਗਈਆਂ।
ਇਸ ਮੌਕੇ ਫਾਊਂਡੇਸ਼ਨਲ ਸਟੇਜ ਦੇ ਵਿਦਿਆਰਥੀਆਂ ਵਲੋਂ ਨਾਟਕ ਖੇਡਿਆ ਗਿਆ। ਇਹ ਨਾਟਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੀ। ਇਸ ਦੌਰਾਨ ਲਿਟਲ ਫਲਾਵਰਜ਼ ਸਮੂਹ ਵਲੋਂ ਸਫਾਈ ਅਤੇ ਵਾਤਾਵਰਨ ਬਚਾਓ ਵਿਸ਼ੇ ’ਤੇ ਆਧਾਰਿਤ ਨਾਟਕ ਖੇਡਿਆ ਗਿਆ।
ਇਸ ਤੋਂ ਬਾਅਦ ਛੋਟੇ ਬੱਚਿਆਂ ਨੇ ਰਵਾਇਤੀ ਗਿੱਧੇ ਰਾਹੀਂ ਪੰਜਾਬ ਦੀ ਰੰਗ-ਬਿਰੰਗੀ ਸੱਭਿਆਚਾਰਕ ਵਿਰਾਸਤ ਬਿਆਨ ਕੀਤੀ। ਇਸ ਮੌਕੇ ਸਕੂਲ ਦੇ ਮੈਨੇਜਰ ਅੰਮ੍ਰਿਤਪਾਲ ਸਿੰਘ ਅਤੇ ਡਾ. ਜੇ.ਐਸ. ਦਰਗਨ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਕੂਲ ਦੀ ਕਾਰਗੁਜ਼ਾਰੀ ਅਤੇ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਗੁਰਿੰਦਰ ਸਿੰਘ ਨੇ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਸਕੂਲ ਦੇ ਪੜ੍ਹਾਈ ਦੇ ਖੇਤਰ ਵਿਚ ਕੀਤੇ ਵਿਕਾਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਲਾਈ ਲਈ ਫੰਡ ਦਾਨ ਕਰਨ ਦਾ ਐਲਾਨ ਕੀਤਾ ਜਿਸ ਦਾ ਹਾਜ਼ਰੀਨ ਨੇ ਤਾੜੀਆਂ ਮਾਰ ਕੇ ਸਨਮਾਨ ਦਿੱਤਾ। ਕੋਆਰਡੀਨੇਟਰ ਆਸ਼ਾ ਸ਼ਰਮਾ ਨੇ ਧੰਨਵਾਦ ਕੀਤਾ।

