DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾਬੱਸੀ ’ਚ ਮਹਿਲਾ ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਗੋਲੀ ਮਾਰੀ

ਜੱਜ ਦੇ ਘਰ ਨੇੜੇ ਗੱਡੀ ’ਚੋਂ ਮਿਲੀ ਲਾਸ਼
  • fb
  • twitter
  • whatsapp
  • whatsapp
featured-img featured-img
ਮੌਕੇ ’ਤੇ ਇਕੱਤਰ ਹੋਏ ਲੋਕ ਅਤੇ ਪੁਲੀਸ। -ਫੋਟੋ: ਰੂਬਲ
Advertisement
ਇੱਥੋਂ ਦੀ ਅਦਾਲਤ ਵਿੱਚ ਤਾਇਨਾਤ ਮਹਿਲਾ ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ (34) ਵਾਸੀ ਪਿੰਡ ਸੁੰਡਰਾ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦਸ ਸਾਲ ਦਾ ਪੁੱਤਰ ਛੱਡ ਗਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਜੱਜ ਹੈਬਤਪੁਰ ਰੋਡ ’ਤੇ ਸਥਿਤ ਏਟੀਐੱਸ ਵਿੱਲਾ ਸੁਸਾਇਟੀ ਵਿੱਚ ਰਹਿੰਦੀ ਹੈ। ਗੰਨਮੈਨ ਨੇ ਇੱਕ ਗੋਲੀ ਆਪਣੇ ਮੱਥੇ ਵਿੱਚ ਮਾਰੀ ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਸਾਲ 2012 ਵਿੱਚ ਪੁਲੀਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਹਿਲਾ ਜੱਜ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਅੱਜ ਦੋ ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਸੀ ਜਿਸ ਮਗਰੋਂ ਉਸਨੇ ਚਾਰ ਵਜੇ ਡੇਰਾਬੱਸੀ ਅਦਾਲਤ ਵਿੱਚ ਪਹੁੰਚਣਾ ਸੀ ਤਾਂ ਜੋ ਛੁੱਟੀ ਮਗਰੋਂ ਜੱਜ ਨੂੰ ਘਰ ਲੈ ਕੇ ਆ ਸਕੇ। ਇਸ ਦੌਰਾਨ ਸ਼ਾਮ ਨੂੰ ਉਸਦੀ ਲਾਸ਼ ਉਸਦੀ ਨਿੱਜੀ ਗੱਡੀ ਵਿੱਚੋਂ ਮਿਲੀ। ਗੱਡੀ ਸਟਾਰਟ ਸੀ ਜੋ ਮਹਿਲਾ ਜੱਜ ਦੇ ਘਰ ਦੇ ਨੇੜੇ ਲਾਵਾਰਿਸ ਹਾਲਤ ਵਿੱਚ ਖੜ੍ਹੀ ਸੀ। ਖੜ੍ਹੀ ਗੱਡੀ ਸਟਾਰਟ ਦੇਖ ਕੇ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸ਼ੀਸ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫੋਨ ਬੰਦ ਸੀ ਅਤੇ ਨੇੜੇ ਉਸਦੀ .9 ਐੱਮ.ਐੱਮ. ਦੀ ਪਿਸਤੌਲ ਡਿੱਗੀ ਹੋਈ ਸੀ। ਮ੍ਰਿਤਕ ਦੇ ਤਾਏ ਦੇ ਲੜਕੇ ਜਸ਼ਨ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਅਜਿਹੀ ਸਮੱਸਿਆ ਨਹੀਂ ਸੀ ਜਿਸ ਕਾਰਨ ਉਹ ਖ਼ੁਦਕੁਸ਼ੀ ਕਰਦਾ।

ਮਾਮਲੇ ਦੀ ਜਾਂਚ ਜਾਰੀ: ਡੀਐੱਸਪੀ

ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਫੌਰੈਂਸਿਕ ਮਾਹਿਰਾਂ ਦੀ ਟੀਮ ਬੁਲਾ ਕੇ ਸੈਂਪਲ ਇਕੱਤਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਦਾਅਵਾ ਕੀਤਾ ਕਿ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।

Advertisement

Advertisement
×