ਜੀਐਸਟੀ ਮਾਲੀਏ ’ਚ 22 ਫ਼ੀਸਦੀ ਦਾ ਵਾਧਾ ਦਰਜ: ਚੀਮਾ
ਪੰਜਾਬ ਸਰਕਾਰ ਦੇ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਧ ’ਚ ਜੀਐਸਟੀ ਮਾਲੀਏ ’ਚ 22.35 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਲੂ ਵਰ੍ਹੇ ਦੇ ਪਹਿਲੇ ਅੱਧ ’ਚ ਜੀਐਸਟੀ ਮਾਲੀਏ ’ਚ 2553 ਕਰੋੜ ਦਾ ਵਾਧਾ ਹੋਇਆ ਹੈ।...
ਪੰਜਾਬ ਸਰਕਾਰ ਦੇ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਧ ’ਚ ਜੀਐਸਟੀ ਮਾਲੀਏ ’ਚ 22.35 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਲੂ ਵਰ੍ਹੇ ਦੇ ਪਹਿਲੇ ਅੱਧ ’ਚ ਜੀਐਸਟੀ ਮਾਲੀਏ ’ਚ 2553 ਕਰੋੜ ਦਾ ਵਾਧਾ ਹੋਇਆ ਹੈ।
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ (ਅਪਰੈਲ-ਸਤੰਬਰ 2025) ਦੌਰਾਨ 13,971 ਕਰੋੜ ਰੁਪਏ ਦੀ ਕੁੱਲ ਜੀਐਸਟੀ ਵਸੂਲੀ ਹੋਈ ਹੈ ਜਦੋਂ ਕਿ ਪਿਛਲੇ ਸਾਲ ਦੀ ਇਸੇ ਸਮੇਂ ਦੌਰਾਨ ਜੀਐਸਟੀ ਵਸੂਲੀ 11,418 ਕਰੋੜ ਰੁਪਏ ਹੋਈ ਸੀ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਜੀਐਸਟੀ ਮਾਲੀਏ ਵਿੱਚ ਉਪਰੋਕਤ ਸਮੇਂ ਦੌਰਾਨ ਕੁੱਲ 2,553 ਕਰੋੜ ਰੁਪਏ ਦਾ ਵਾਧਾ ਸ਼ੁਭ ਸੰਕੇਤ ਹੈ। ਪੰਜਾਬ ਦੀ ਜੀਐਸਟੀ ਵਿਕਾਸ ਦਰ ਵਿੱਤੀ ਸਾਲ 2024-25 ਦੇ ਪਹਿਲੇ ਅੱਧ ਦੌਰਾਨ ਦੀ ਸਿਰਫ਼ 5 ਫੀਸਦ ਤੋਂ ਵੱਧ ਕੇ ਵਿੱਤੀ ਸਾਲ 2025-26 ਵਿੱਚ 22.35 ਫੀਸਦ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਅੰਕੜਾ ਕਰੀਬ 6 ਪ੍ਰਤੀਸ਼ਤ ਦੀ ਕੌਮੀ ਜੀਐਸਟੀ ਵਿਕਾਸ ਦਰ ਤੋਂ ਕਿਤੇ ਵੱਧ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਲੀਆ ਜੁਟਾਉਣ ਲਈ ਕੀਤੇ ਯਤਨਾਂ ਵਜੋਂ ਇਹ ਸੰਭਵ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵੈਟ ਅਤੇ ਸੀਐਸਟੀ ਅਧੀਨ ਪ੍ਰਾਪਤੀਆਂ ਵਿੱਚ 10 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਪੰਜਾਬ ਰਾਜ ਵਿਕਾਸ ਟੈਕਸ (ਪੀਐਸਡੀਟੀ) ਨੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸਤੰਬਰ 2025 ਦੌਰਾਨ 11 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਦੂਸਰੇ ਕਾਫ਼ੀ ਸੂਬਿਆਂ ਦੀ ਕਾਰਗੁਜ਼ਾਰੀ ਸਤੰਬਰ ਮਹੀਨੇ ’ਚ ਨਕਾਰਾਤਮਿਕ ਰੁਝਾਨ ਵੱਲ ਰਹੀ ਹੈ ਜਦੋਂ ਕਿ ਪੰਜਾਬ ਨੇ ਕੌਮੀ ਔਸਤ ਨਾਲ ਕਿਤੇ ਮਜ਼ਬੂਤ ਕਾਰਗੁਜ਼ਾਰੀ ਦਿਖਾਈ ਹੈ।