ਚੰਡੀਗੜ੍ਹ ’ਚ ਜੂਨ ਮਹੀਨੇ ’ਚ ਜੀਐੱਸਟੀ ਉਗਰਾਹੀ ਦੋ ਫ਼ੀਸਦ ਘਟੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੁਲਾਈ
ਚੰਡੀਗੜ੍ਹ ਪ੍ਰਸ਼ਾਸਨ ਲਈ ਆਰਥਿਕ ਪੱਖ ਤੋਂ ਜੂਨ ਮਹੀਨਾ ਨਮੋਸ਼ੀ ਭਰਿਆ ਰਿਹਾ ਹੈ। ਇਸ ਵਾਰ ਜੂਨ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੋ ਫ਼ੀਸਦ ਘੱਟ ਜੀਐੱਸਟੀ ਮਾਲੀਆ ਇਕੱਠਾ ਹੋਇਆ ਹੈੈ। ਪਿਛਲੇ ਸਾਲ ਜੂਨ ਮਹੀਨੇ ਵਿੱਚ 224 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਹੋਏ ਸਨ, ਇਸ ਸਾਲ ਘਟ ਕੇ 220 ਕਰੋੜ ਰੁਪਏ ਹੀ ਰਹਿ ਗਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਮਈ 2025 ਵਿੱਚ ਪਿਛਲੇ ਸਾਲ ਦੇ ਮੁਕਾਬਲੇ 53 ਫ਼ੀਸਦੀ ਵੱਧ ਰਿਕਾਰਡ ਮਾਲੀਆ ਇਕੱਠਾ ਹੋਇਆ ਸੀ। ਮਈ 2025 ਵਿੱਚ ਜੀਐੱਸਟੀ ਦੇ 363 ਕਰੋੜ ਰੁਪਏ ਇਕੱਠੇ ਹੋਏ ਹਨ ਜਦੋਂਕਿ ਪਿਛਲੇ ਸਾਲ ਮਈ ਮਹੀਨੇ ਵਿੱਚ 237 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਇਸ ਤਰ੍ਹਾਂ ਪ੍ਰਸ਼ਾਸਨ ਨੇ 126 ਕਰੋੜ ਰੁਪਏ ਵੱਧ ਜੀਐੱਸਟੀ ਇਕੱਠਾ ਕੀਤਾ ਸੀ।
ਅਪਰੈਲ 2025 ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਸੱਤ ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਸੀ। ਅਪਰੈਲ 2025 ਵਿੱਚ 334 ਕਰੋੜ ਅਤੇ ਸਾਲ 2024 ਵਿੱਚ 313 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਹਾਲਾਂਕਿ ਮਾਰਚ ਮਹੀਨੇ ਵਿੱਚ ਸਿਰਫ਼ ਇਕ ਫ਼ੀਸਦ ਦਾ ਵਾਧਾ ਹੋਇਆ ਸੀ। ਪ੍ਰਸ਼ਾਸਨ ਨੇ ਮਾਰਚ 2024 ਵਿੱਚ 238 ਕਰੋੜ ਰੁਪਏ ਦੇ ਮੁਕਾਬਲੇ ਸਾਲ 2015 ਵਿੱਚ 241 ਕਰੋੜ ਰੁਪਏ ਜੀਐੱਸਟੀ ਇਕੱਠਾ ਕੀਤਾ ਸੀ। ਫਰਵਰੀ ਵਿੱਚ 12 ਫ਼ੀਸਦ ਵਾਧੇ ਦੇ ਨਾਲ 236 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ।