ਇੱਥੇ ਗੁਲਾਬਗੜ੍ਹ ਸੜਕ ’ਤੇ ਗੁਪਤਾ ਕਲੋਨੀ ਵਿੱਚ ਨੌਜਵਾਨ ਨੇ ਚਾਕੂ ਮਾਰ ਕੇ ਆਪਣੀ ਦਾਦੀ ਦਾ ਕਤਲ ਕਰ ਦਿੱਤਾ। 22 ਸਾਲਾ ਅਸ਼ੀਸ਼ ਸੈਣੀ ਵਾਰਦਾਤ ਬਾਅਦ ਫ਼ਰਾਰ ਹੋ ਗਿਆ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।
ਥਾਣਾ ਮੁਖੀ ਸੁਮੀਤ ਮੋਰ ਅਨੁਸਾਰ ਅਸ਼ੀਸ਼ ਸੈਣੀ ਦੀ ਮਾਂ ਵੀਨਾ ਸੈਣੀ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਵੱਡਾ ਪੁੱਤ ਕਿਤੇ ਗਏ ਹੋਏ ਸੀ। ਉਸ ਦੀ ਸੱਸ ਗੁਰਬਚਨ ਕੌਰ (85) ਅਤੇ 22 ਸਾਲਾ ਪੁੱਤਰ ਅਸ਼ੀਸ਼ ਘਰ ਵਿੱਚ ਸਨ। ਅਸ਼ੀਸ਼ ਸ਼ਰਾਬ ਪੀਣ ਦਾ ਆਦੀ ਸੀ, ਜਿਸ ਨੂੰ ਘਰ ਦੇ ਅਕਸਰ ਸ਼ਰਾਬ ਪੀਣ ਤੋਂ ਰੋਕਦੇ ਸਨ, ਜਦੋਂ ਸ਼ਾਮ ਨੂੰ ਉਹ ਘਰ ਆਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਤੇ ਦਰਵਾਜ਼ਾ ਖੜਕਾਉਣ ’ਤੇ ਉਸ ਦੇ ਪੁੱਤਰ ਅਸ਼ੀਸ਼ ਨੇ ਦਰਵਾਜ਼ਾ ਖੋਲ੍ਹਦਿਆਂ ਆਖਿਆ ਕਿ ਦਾਦੀ ਸ਼ਰਾਬ ਪੀਣ ਤੋਂ ਰੋਕ ਰਹੀਂ ਸੀ, ਜਿਸ ਕਾਰਨ ਉਸ ਨੂੰ ਚਾਕੂ ਨਾਲ ਮਾਰ ਦਿੱਤਾ। ਵੀਨਾ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਸੱਸ ਦੀ ਗਰਦਨ ’ਚ ਚਾਕੂ ਫਸਿਆ ਹੋਇਆ ਸੀ ਅਤੇ ਕਮਰੇ ਵਿੱਚ ਖੂਨ ਡੁੱਲਿਆ ਹੋਇਆ ਸੀ। ਇਸ ਦੌਰਾਨ ਅਸ਼ੀਸ਼ ਮੌਕੇ ਤੋ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਡੀ ਐੱਸ ਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਸੁਮੀਤ ਮੋਰ ਨੇ ਘਟਨਾ ਸਥਾਨ ’ਤੇ ਪੁੱਜੇ। ਗੁਰਬਚਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ।