ਪੰਜਾਬ ਸਰਕਾਰ ਨੇ ਨਵੇਂ ਬਿਜਲੀ ਕੁਨੈਕਸ਼ਨ ਲੈਣ ਤੇ ਲੋਡ ਸਮਰੱਥਾ ’ਚ ਤਬਦੀਲੀਆਂ ਸਬੰਧੀ ਪ੍ਰਕਿਰਿਆ ਨੂੰ ਸੌਖਾ ਬਣਾ ਦਿੱਤਾ ਹੈ। ਹੁਣ ਪੰਜਾਬ ਵਿੱਚ ਐੱਲ ਟੀ (ਲੋਅ ਟੈਨਸ਼ਨ) ਸ਼੍ਰੇਣੀ ਤਹਿਤ 50 ਕਿਲੋਵਾਟ ਤੱਕ ਦੇ ਲੋਡ ’ਚ ਨਵੇਂ ਕੁਨੈਕਸ਼ਨ ਜਾਂ ਤਬਦੀਲੀਆਂ ਦੀ ਮੰਗ ਕਰਨ ਵਾਲੇ ਬਿਨੈਕਾਰਾਂ ਜਾਂ ਖ਼ਪਤਕਾਰਾਂ ਨੂੰ ਲਾਇਸੈਂਸਸ਼ੁਦਾ ਇਲੈਕਟਰੀਕਲ ਠੇਕੇਦਾਰ ਤੋਂ ਟੈਸਟ ਰਿਪੋਰਟ ਜਾਂ ਇਮਾਰਤ ’ਚ ਬਿਜਲੀ ਸਬੰਧੀ ਵਿਵਸਥਾ ਲਈ ਕੋਈ ਦਸਤਾਵੇਜ਼ ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ।
ਇਸ ਸਬੰਧੀ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਹੁਣ ਖ਼ਪਤਕਾਰ ਆਨਲਾਈਨ ਅਰਜ਼ੀ ਫਾਰਮ ਵਿੱਚ ਇੱਕ ਘੋਸ਼ਣਾ ਪੱਤਰ ਦਾਖ਼ਲ ਕਰੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਕਿਹਾ ਕਿ ਐੱਲ ਟੀ ਸਪਲਾਈ ’ਤੇ 50 ਕਿਲੋਵਾਟ ਤੋਂ ਵੱਧ ਲੋਡ ਵਾਲੇ ਖ਼ਪਤਕਾਰਾਂ ਲਈ ਟੈਸਟ ਰਿਪੋਰਟ ਜਮ੍ਹਾਂ ਕਰਨਾ ਲਾਜ਼ਮੀ ਹੋਵੇਗਾ, ਪਰ ਪੀ ਐੱਸ ਪੀ ਸੀ ਐੱਲ ਅਧਿਕਾਰੀਆਂ ਨੂੰ ਅਜਿਹੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਦੀ ਲੋੜ ਨਹੀਂ ਹੋਵੇਗੀ। ਸਾਰੇ ਨਵੇਂ ਐੱਚ ਟੀ (ਹਾਈ ਟੈਨਸ਼ਨ) ਅਤੇ ਈ ਐੱਚ ਟੀ (ਐਕਸਟਰਾ ਹਾਈ ਟੈਨਸ਼ਨ) ਬਿਨੈਕਾਰਾਂ ਲਈ, ਚੀਫ਼ ਇਲੈਕਟ੍ਰੀਕਲ ਇੰਸਪੈਕਟਰ (ਸੀ ਈ ਆਈ) ਵੱਲੋਂ ਨਿਰੀਖਣ ਰਿਪੋਰਟ ਲਾਜ਼ਮੀ ਰਹੇਗੀ ਹਾਲਾਂਕਿ ਟੈਸਟ ਰਿਪੋਰਟ ਜਮ੍ਹਾਂ ਕਰਨਾ ਹੁਣ ਜ਼ਰੂਰੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਖ਼ਪਤਕਾਰ ਵੱਲੋਂ ਨਵਾਂ ਕੁਨੈਕਸ਼ਨ, ਵਾਧੂ ਲੋਡ, ਮੰਗ, ਨਾਮ ਬਦਲਣ ਆਦਿ ਲਈ ਲਾਇਸੈਂਸਸ਼ੁਦਾ ਬਿਜਲੀ ਠੇਕੇਦਾਰ ਰਾਹੀਂ ਜਮ੍ਹਾਂ ਕਰਵਾਈ ਟੈਸਟ ਰਿਪੋਰਟ ਦੀ ਤਸਦੀਕ ਪੀ ਐੱਸ ਪੀ ਸੀ ਐੱਲ ਵੱਲੋਂ ਨਹੀਂ ਕੀਤੀ ਜਾਵੇਗੀ।
ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਲਾਈਨਮੈਨ ਟਰੇਡ ’ਚ 2600 ਇਨਟਰਨ ਦੀ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਇਸ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ 2500 ਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਲਈ 100 ਸ਼ਾਮਲ ਹਨ।

