ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਲਕੇ ਵਿੱਚ ਠੱਪ ਪਏ ਵਿਕਾਸ ਦੇ ਕੰਮਾਂ ਸਬੰਧੀ ਬਲਾਕ ਮਾਜਰੀ ਵਿੱਚ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਕੰਗ ਨੇ ਪੰਚਾਇਤਾਂ ਨੂੰ ਵਿਕਾਸ ਲਈ ਫੰਡ ਜਾਰੀ ਨਾ ਕਰਨ ਅਤੇ ਮਾਜਰੀ ਸਬ-ਤਹਿਸੀਲ ਦੀ ਇਮਾਰਤ ਦਾ ਕੰਮ ਸ਼ੁਰੂ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ।
ਮੀਟਿੰਗ ਦੌਰਾਨ ਰਣਧੀਰ ਸਿੰਘ ਸਿਆਲਬਾ, ਰਵਿੰਦਰ ਸਿੰਘ ਮਾਜਰੀ ਆਦਿ ਨੇ ਸ੍ਰੀ ਕੰਗ ਨੂੰ ਜਾਣੂ ਕਰਵਾਇਆ ਕਿ ਜਦੋਂ ਤੋਂ ਨਵੀਂਆਂ ਪੰਚਾਇਤਾਂ ਦੀ ਚੋਣ ਹੋਈ ਹੈ, ਉਦੋਂ ਤੋਂ ਹੁਣ ਤੱਕ ਪੰਚਾਇਤਾਂ ਨੂੰ ਵਿਕਾਸ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਪਿੰਡਾਂ ਦੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਸ੍ਰੀ ਕੰਗ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਇਸੇ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਮਾਲ ਮੰਤਰੀ ਹੁੰਦਿਆਂ ਮਾਜਰੀ ਵਿਖੇ ਸਬ ਤਹਿਸੀਲ ਬਣਾਈ ਸੀ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਸਬ ਤਹਿਸੀਲ ਦੀ ਇਮਾਰਤ ਲਈ ਫੰਡ ਵੀ ਜਾਰੀ ਕਰਵਾਇਆ ਸੀ। ਸ੍ਰੀ ਕੰਗ ਨੇ ਕਿਹਾ ਕਿ ਇਸ ਸਭ ਕੁਝ ਦੇ ਬਾਵਜੂਦ ਸਬ ਤਹਿਸੀਲ ਮਾਜਰੀ ਦੀ ਇਮਾਰਤ ਦਾ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ।
ਇਸ ਮੌਕੇ ਰਾਣਾ ਰਣਧੀਰ ਸਿੰਘ ਸਿਆਲਬਾ, ਰਾਣਾ ਰਵਿੰਦਰ ਸਿੰਘ ਮਾਜਰੀ, ਹਰਜਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।