ਬਨੂੜ ਮੰਡੀ ਵਿੱਚ ਨਹੀਂ ਸ਼ੁਰੂ ਹੋ ਸਕੀ ਝੋਨੇ ਦੀ ਸਰਕਾਰੀ ਖ਼ਰੀਦ
ਪੰਜਾਬ ਸਰਕਾਰ ਵੱਲੋਂ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਆਰੰਭ ਕਰਨ ਦੇ ਦਾਅਵਿਆਂ ਦੇ ਬਾਵਜੂਦ ਬਨੂੜ ਮੰਡੀ ਵਿਚ ਅੱਜ ਝੋਨੇ ਦੀ ਸਰਕਾਰੀ ਖਰੀਦ ਆਰੰਭ ਨਹੀਂ ਹੋ ਸਕੀ। ਮੰਡੀ ਵਿਚ 400 ਕੁਇੰਟਲ ਦੇ ਕਰੀਬ ਝੋਨਾ ਵਿਕਰੀ ਦੀ ਉਡੀਕ ਕਰ ਰਿਹਾ ਹੈ।
ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਵੀ ਅੱਜ ਸਾਰਾ ਦਿਨ ਮੰਡੀ ਵਿਚ ਮੌਜੂਦ ਰਹੇ। ਉਨ੍ਹਾਂ ਮੰਡੀ ਵਿਚ ਆਏ ਝੋਨੇ ਦਾ ਨਿਰੀਖ਼ਣ ਵੀ ਕੀਤਾ। ਉਨ੍ਹਾਂ ਝੋਨੇ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਕਿਸਾਨਾਂ ਨੂੰ ਝੋਨਾ ਕਟਾਉਣ ਲਈ ਕਾਹਲੀ ਨਾ ਕਰਨ ਅਤੇ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਸੁਚੱਜੀ ਖ਼ਰੀਦ ਲਈ ਵਚਨਬੱਧ ਹੈ ਅਤੇ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਨਾਮ ਸਿੰਘ, ਮੰਡੀ ਸੁਪਰਵਾਈਜਰ ਗੁਰਮੀਤ ਸਿੰਘ ਨੰਬਰਦਾਰ ਜਸਵੰਤ ਸਿੰਘ ਕਰਾਲਾ, ਸੁਖਵਿਦੰਰ ਸਿੰਘ ਸੂਰਜਗੜ੍ਹ ਤੋਂ ਇਲਾਵਾ ਆੜ੍ਹਤੀ ਵੀ ਹਾਜ਼ਰ ਸਨ।
ਅੱਜ ਆਰੰਭ ਹੋਵੇਗੀ ਸਰਕਾਰੀ ਖਰੀਦ: ਅਧਿਕਾਰੀ
ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਦੱਸਿਆ ਕਿ ਬਨੂੜ ਮੰਡੀ ਵਿੱਚ ਬੁੱਧਵਾਰ ਤੋਂ ਝੋਨੇ ਦੀ ਸਰਕਾਰੀ ਖਰੀਦ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਮੰਡੀ ਵਿਚੋਂ ਪਨਗਰੇਨ, ਮਾਰਕਫੈੱਡ ਅਤੇ ਐਫ਼ਸੀਆਈ ਝੋਨੇ ਦੀ ਸਰਕਾਰੀ ਖਰੀਦ ਕਰਨਗੀਆਂ।