ਡੰਪਿੰਗ ਗਰਾਊਂਡ ’ਤੇ ਸਿਆਸਤ ਕਰ ਰਹੀ ਹੈ ਸਰਕਾਰ: ਮੇਅਰ
ਸਮਗੌਲੀ ਵਿਚ ਬਣਾਏ ਜਾ ਰਹੇ ਸਾਲਿਡ ਵੇਸਟ ਮੈਨੇਜਮੈਂਟ ਸੈਂਟਰ ਡੰਪਿੰਗ ਗਰਾਊਂਡ ਸਬੰਧੀ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਮਹਾਲੀ ਵਾਸੀਆਂ ਦੀ ਸਿਹਤ ਅਤੇ ਸਾਫ਼ ਸਫਾਈ ਨਾਲ ਜੁੜਿਆ ਇਹ ਗੰਭੀਰ ਮਾਮਲਾ ਸਰਕਾਰ ਵੱਲੋਂ ਸਿਆਸੀ ਹਥਿਆਰ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਰੋਜ਼ਾਨਾ 150 ਟਨ ਤੋਂ ਵੱਧ ਕੂੜਾ ਆ ਰਿਹਾ ਹੈ, ਜਦਕਿ ਠੇਕਾ ਸਿਰਫ 100 ਟਨ ਦੇ ਪ੍ਰਬੰਧ ਦਾ ਹੈ। ਇਸ ਨਾਲ ਕਈ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜੋ ਸਿਰਫ ਬਦਬੂ ਹੀ ਨਹੀਂ ਫੈਲਾ ਰਹੇ, ਬਲਕਿ ਲੋਕਾਂ ਦੀ ਸਿਹਤ ਲਈ ਵੀ ਖ਼ਤਰਾ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਵਿਚ ਅੱਜ ਕੋਈ ਡੰਪਿੰਗ ਗਰਾਊਂਡ ਨਹੀਂ, ਸਾਰਾ ਕੂੜਾ ਆਰਐਮਸੀ ਪੁਆਇੰਟਾਂ 'ਤੇ ਜਮ੍ਹਾ ਕੀਤਾ ਜਾ ਰਿਹਾ ਹੈ। ਲੋਕ ਨਰਕ ਵਰਗੀਆਂ ਹਾਲਤਾਂ 'ਚ ਰਹਿ ਰਹੇ ਹਨ, ਪਰ ਸਰਕਾਰ ਸਿਰਫ ਦਿਖਾਵੇ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਪਿਛਲੇ ਦਿਨੀਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਸਮਗੌਲੀ ਵਿਖੇ ਡੰਪਿੰਗ ਗਰਾਊਂਡ ਲਈ ਨਗਰ ਨਿਗਮ ਨੂੰ ਦਿੱਤੀ ਗਈ ਜਗ੍ਹਾ ਬਾਰੇ ਕਿਹਾ ਕਿ ਸਮਗੌਲੀ ਵਿਖੇ 50 ਏਕੜ 'ਚੋਂ 39 ਏਕੜ ਜ਼ਮੀਨ ਹਾਸਲ ਹੋ ਚੁੱਕੀ ਹੈ ਅਤੇ 35 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਬਣ ਚੁੱਕੀ ਹੈ, ਜਦ ਕਿ 11 ਏਕੜ ਜ਼ਮੀਨ ਰੈਵਨਿਊ ਵਿਭਾਗ ਕੋਲ ਲੰਬੀ ਫਾਈਲਬਾਜ਼ੀ ਦਾ ਸ਼ਿਕਾਰ ਬਣੀ ਹੋਈ ਹੈ। ਇੱਥੇ ਬਾਇਓਗੈਸ ਪਲਾਂਟ ਲੱਗਣ ਬਾਰੇ ਵੀ ਫਾਈਲ ਹੈੱਡ ਆਫਿਸ ਕੋਲ ਫਾਈਲ ਪੈਂਡਿੰਗ ਪਈ ਹੈ। ਉਨ੍ਹਾਂ ਕਿਹਾ ਕਿ ਇੱਥੇ ਪਹੁੰਚ ਸੜਕ ਹੀ ਨਹੀਂ ਬਣੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਸਮਗੌਲੀ ਸਥਿਤ ਡੰਪਿੰਗ ਗਰਾਊਂਡ ਲਈ ਦਿੱਤੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਥਾਂ ਨੂੰ ਜਾਣ ਲਈ ਸਿਰਫ਼ ਅੱਠ ਫੁੱਟ ਚੌੜਾ ਰਸਤਾ ਹੈ ਅਤੇ ਉਹ ਵੀ ਆਖਰੀ ਇੱਕ ਕਿਲੋਮੀਟਰ ’ਤੇ ਕੱਚਾ ਹੈ, ਇਸ ਡੰਪਿੰਗ ਗਰਾਊਂਡ ਵਿੱਚ ਕੋਈ ਵਾਹਨ ਆ ਜਾ ਹੀ ਨਹੀਂ ਸਕਦਾ। ਇਸ ਸਥਿਤੀ ਵਿੱਚ ਉੱਥੇ ਜਲਦੀ ਡੰਪਿੰਗ ਗਰਾਊਂਡ ਚਾਲੂ ਹੁੰਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਉੱਥੇ ਨਾ ਕੋਈ ਮਸ਼ੀਨਰੀ ਸਥਾਪਿਤ ਹੋਈ ਹੈ ਅਤੇ ਨਾ ਹੀ ਕੋਈ ਬੁਨਿਆਦੀ ਸਹੂਲਤ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਇਸ ਸਬੰਧੀ ਪੱਤਰ ਲਿਖ ਕੇ ਤੁਰੰਤ ਮੁਹਾਲੀ ਦੇ ਕੂੜਾ ਪ੍ਰਬੰਧਨ ਲਈ ਢੁਕਵੀਂ ਥਾਂ ਦੀ ਮੰਗ ਕੀਤੀ ਹੈ।