ਸਰਕਾਰੀ ਕਾਲਜ ਦੀ ਹੋਵੇਗੀ ਕਾਇਆ-ਕਲਪ: ਚੱਢਾ
ਬਲਾਕ ਨੂਰਪੁਰ ਬੇਦੀ ਦੇ ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਦੀ ਵੀ ਕਾਇਆ-ਕਲਪ ਹੋਣ ਜਾ ਰਹੀ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੀਐੱਮ ਊਸ਼ਾ ਸਕੀਮ ਤਹਿਤ ਮਿਲੀ ਗਰਾਂਟ ਨਾਲ ਕਾਲਜ ਵਿੱਚ ਵੱਖ-ਵੱਖ ਵਿਕਾਸ ਦੇ ਕੰਮ ਕੀਤੇ ਜਾਣਗੇ। ਇਹ ਸਾਰੇ ਕੰਮ ਲੋਕ ਨਿਰਮਾਣ ਵਿਭਾਗ ਰਾਹੀਂ ਕਰਵਾਏ ਜਾਣਗੇ। ਅੱਜ ਲੋਕ ਨਿਰਮਾਣ ਵਿਭਾਗ ਦੇ ਸਹਾਇਕ ਇੰਜਨੀਅਰ ਸੁਦੀਪ ਰਾਏ ਨੇ ਆਪਣੀ ਟੀਮ ਸਣੇ ਕਾਲਜ ਦਾ ਦੌਰਾ ਕੀਤਾ ਤੇ ਕਾਲਜ ਦੀ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨਾਲ ਵਿਚਾਰ-ਵਟਾਂਦਰਾ ਕੀਤਾ। ਇੰਜਨੀਅਰ ਰਾਏ ਨੇ ਦੱਸਿਆ ਕਿ ਇਸ ਗਰਾਂਟ ਨਾਲ ਕਾਲਜ ਦੇ ਟੁੱਟੇ ਹੋਏ ਫਰਸ਼ ਦੀ ਥਾਂ ਨਵੀਂਆਂ ਟਾਈਲਾਂ ਲਗਾਈਆਂ ਜਾਣਗੀਆਂ, ਛੱਤਾਂ ਦੀ ਮੁਰੰਮਤ ਹੋਵੇਗੀ, ਫੈਕਲਟੀ ਰੂਮ, ਕਾਮਨ ਰੂਮ, ਲਾਇਬ੍ਰੇਰੀ ਆਦਿ ਦੀ ਮੁਰੰਮਤ ਕੀਤੀ ਜਾਵੇਗੀ। ਲੜਕੀਆਂ ਲਈ ਨਵੇਂ ਕਾਮਨ ਰੂਮ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਲਾਸ ਰੂਮ, ਸਟਾਫ ਰੂਮ ਅਤੇ ਪ੍ਰਿੰਸੀਪਲ ਦਫ਼ਤਰ ਲਈ ਉੱਚ-ਗੁਣਵੱਤਾ ਵਾਲਾ ਨਵਾਂ ਫਰਨੀਚਰ ਵੀ ਉੱਪਲਬਧ ਕਰਵਾਇਆ ਜਾਵੇਗਾ। ਇੰਜਨੀਅਰ ਰਾਏ ਨੇ ਦੱਸਿਆ ਕਿ 10 ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਕਾਲਜ ਦੀ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨੇ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਠੇਕੇਦਾਰ ਸਤੀਸ਼ ਕੁਮਾਰ, ਪ੍ਰੋ. ਪੁਸ਼ਪਾ ਦੇਵੀ, ਅਮਨਦੀਪ ਸਿੰਘ, ਨਿਧੀ ਬਾਲਾ, ਨਿਸ਼ਾ ਰਾਣੀ, ਪਰਮਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।