ਫੈਕਟਰੀ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ
ਇੱਥੋਂ ਦੇ ਹਰੀਪੁਰ ਹਿੰਦੂਆ ਤੇ ਨਿੰਬੂਆ ਰੋਡ ’ਤੇ ਸਥਿਤ ਨੀਲਕੰਠ ਨਾਂਅ ਦੀ ਫੈਕਟਰੀ ਵਿੱਚ ਅੱਜ ਸ਼ਾਮ ਕਰੀਬ ਸਾਢੇ ਪੰਜ ਵਜੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਮਸ਼ੀਨਰੀ ਅਤੇ ਕੱਚੇ ਤੇ ਤਿਆਰ ਮਾਲ ਸਣੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਕਰੀਬ ਤਿੰਨ ਘੰਟਿਆਂ ਵਿੱਚ ਅੱਗ ਬੁਝਾਈ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬੁਝਾਅ ਰਹੇ ਸਨ। ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਸਮੇਂ ਕਈ ਕਰਮਚਾਰੀ ਫੈਕਟਰੀ ਵਿੱਚ ਕੰਮ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਫਰੂਟ ਅਤੇ ਆਂਡਿਆਂ ਦੀ ਟਰੇਆਂ ਬਣਦੀਆਂ ਹਨ। ਅੱਜ ਸ਼ਾਮ ਸਮੇਂ ਫੈਕਟਰੀ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਕੱਚੇ ਮਾਲ ਤੋਂ ਸ਼ੁਰੂ ਹੋਈ ਅੱਗ ਨੇ ਹੌਲੀ-ਹੌਲੀ ਸਾਰੀ ਫੈਕਟਰੀ ਨੂੰ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਮਸ਼ੀਨਰੀ ਤਿਆਰ ਅਤੇ ਕੱਚੇ ਮਾਲ ਦਾ ਨੁਕਸਾਨ ਹੋਇਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਅਫ਼ਸਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਅੱਗ ਬੁਝਾਊ ਗੱਡੀਆਂ ਨੇ ਤਿੰਨ ਘੰਟਿਆਂ ’ਚ ਅੱਗ ਬੁਝਾਈ।
ਫਾਇਰ ਅਫ਼ਸਰ ਬਲਜੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਨ੍ਹਾਂ ਨੇ ਕਿਹਾ ਅਸਲ ਸੱਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫੈਕਟਰੀ ਮਾਲਕ ਨਿਤਿਨ ਗਰਗ ਨੇ ਦਾਅਵਾ ਕੀਤਾ ਕਿ ਅੱਗ ਕਾਰਨ ਉਨ੍ਹਾਂ ਦੀ ਕਰੋੜਾਂ ਰੁਪਏ ਕੀਮਤ ਦੀ ਮਸ਼ੀਨਰੀ ਅਤੇ ਮਾਲ ਸੜ ਗਿਆ। ਉਨ੍ਹਾਂ ਨੇ ਕਿਹਾ ਕਿ ਅਸਲ ਨੁਕਸਾਨ ਜਾਂਚ ਤੋਂ ਬਾਅਦ ਪਤਾ ਲੱਗੇਗਾ।