ਸ਼ੰਭੂ ਬਾਰਡਰ ’ਤੇ ਖੜ੍ਹੀਆਂ ਟਰਾਲੀਆਂ ’ਚੋਂ ਸਾਮਾਨ ਗਾਇਬ
ਕਰਮਜੀਤ ਸਿੰਘ ਚਿੱਲਾ
ਬਨੂੜ, 20 ਮਾਰਚ
ਪਿੰਡ ਨੰਡਿਆਲੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਪੁਲੀਸ ਕਾਰਵਾਈ ਅਤੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਸਿਆਸਤ ਦੀ ਤਾਕਤ ਦਾ ਨਸ਼ਾ ਚੜ੍ਹ ਗਿਆ ਹੈ, ਜਿਸ ਨੂੰ ਪੰਜਾਬ ਦੇ ਸਮੁੱਚੇ ਵਰਗ ਵੱਡੇ ਸੰਘਰਸ਼ ਰਾਹੀਂ ਜਲਦੀ ਹੀ ਉਤਾਰ ਦੇਣਗੇ। ਪੁਲੀਸ ਕਾਰਵਾਈ ਦਾ ਕਿਸਾਨ ਯੂਨੀਅਨਾਂ ਦੇ ਆਗੂਆਂ ਕਿਰਪਾਲ ਸਿੰਘ ਸਿਆਊ, ਅੰਗਰੇਜ ਸਿੰਘ ਡਕੌਂਦਾ, ਜਗਜੀਤ ਸਿੰਘ ਕਰਾਲਾ, ਗੁਰਦਰਸ਼ਨ ਸਿੰਘ ਖਾਸਪੁਰ, ਪਰਮਦੀਪ ਸਿੰਘ ਬੈਦਵਾਣ, ਲਖਵਿੰਦਰ ਸਿੰਘ ਕਰਾਲਾ ਅਤੇ ਕਈ ਹੋਰਨਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਲੋਕਾਂ ਵਿਚ ਭਾਰੀ ਰੋਸ ਹੈ ਅਤੇ ਕਿਸਾਨ ਜਥੇਬੰਦੀਆਂ ਇਸ ਦਾ ਢੁੱਕਵਾਂ ਜਵਾਬ ਦੇਣਗੀਆਂ।
ਇਸੇ ਦੌਰਾਨ ਬਨੂੜ ਖੇਤਰ ਦੇ ਕਈਂ ਕਿਸਾਨਾਂ ਦੀਆਂ ਸੰਭੂ ਬਾਰਡਰ ’ਤੇ ਖੜ੍ਹੀਆਂ ਟਰਾਲੀਆਂ ਵਿੱਚੋਂ ਕੀਮਤੀ ਸਮਾਨ ਗਾਇਬ ਹੋਣ ਦੀ ਸੂਚਨਾ ਹੈ। ਸੂਰਜਗੜ੍ਹ ਦੇ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੰਭੂ ਬਾਰਡਰ ਦੇ ਕਿਸਾਨਾਂ ਦੇ ਰਹਿਣ ਲਈਦੋ ਲੱਖ ਰੁਪਏ ਖਰਚ ਕਰਕੇ ਆਧੁਨਿਕ ਸਹੂਲਤਾਂ ਨਾਲ ਲੈੱਸ ਟਰਾਲੀ ਪਿਛਲੇ ਸਾਲ ਸ਼ੰਭੂ ਬਾਰਡਰ ਭੇਜੀ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ ਸ਼ੰਭੂ ਬਾਰਡਰ ਤੇ ਖੜੀ ਆਪਣੀ ਟਰਾਲੀ ਦੇਖਣ ਲਈ ਗਏ ਤਾਂ ਦੇਖਿਆ ਕਿ ਟਰਾਲੀ ਵਿੱਚੋਂ ਏਅਰ ਕੰਡੀਸ਼ਨਰ, ਫਰਿੱਜ ਅਤੇ ਹੋਰ ਸਮਾਨ ਗਾਇਬ ਸੀ। ਖਲੌਰ ਦੇ ਕਿਸਾਨ ਆਗੂ ਸਤਨਾਮ ਸਿੰਘ ਸੱਤਾ ਦੇ ਸਪੁੱਤਰ ਸੁਖਜੋਤ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਛੰਨ ਵਿੱਚੋਂ ਏਅਰ ਕੰਡੀਸ਼ਨਰ, ਗੈਸ ਸਿਲੰਡਰ, ਗੈਸ ਚੁੱਲਾ, ਐਲਈਡੀ ਤੇ ਹੋਰ ਸਮਾਨ ਗਾਇਬ ਹੈ ਅਤੇ ਬਣਾਈ ਗਈ ਛੰਨ ਨੂੰ ਵੀ ਬੁਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੋਰ ਕਿਸਾਨਾਂ ਨੇ ਵੀ ਆਪਣੀਆਂ ਟਰਾਲੀਆਂ ਵਿੱਚੋਂ ਸਮਾਨ ਗਾਇਬ ਹੋਣ ਦੀ ਗੱਲ ਆਖੀ।
ਅੰਬਾਲਾ (ਸਰਬਜੀਤ ਸਿੰਘ ਭੱਟੀ): ਸ਼ੰਭੂ ਨੇੜੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਸੜਕ ਦੇ ਦੋਵੇਂ ਆਵਾਜਾਈ ਬਹਾਲ ਹੋ ਗਈ ਹੈ। ਇਸ ਮੌਕੇ ਅੰਬਾਲਾ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਹਰਿਆਣਾ ਪੁਲੀਸ ਨੇ ਹਰਿਆਣਾ-ਪੰਜਾਬ-ਸ਼ੰਭੂ ਹੱਦ ’ਤੇ ਕਿਸਾਨਾਂ ਦੀ ਆਵਾਜਾਈ ਰੋਕਣ ਲਈ ਲਗਾਏ ਕੰਕਰੀਟ ਦੇ ਬੈਰੀਕੇਡ ਹਟਾ ਦਿੱਤੇ ਹਨ। ਇਹ ਬੈਰੀਕੇਡ ਬੀਤੀ ਰਾਤ ਪੰਜਾਬ ਪੁਲੀਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਹਟਾਏ ਗਏ ਹਨ। ਅੱਜ ਸਵੇਰੇ ਹਰਿਆਣਾ ਪੁਲੀਸ ਨੇ ਸ਼ੰਭੂ ਬਾਰਡਰ ’ਤੇ ਕੀਤੀ ਬੈਰੀਕੇਡਿੰਗ ਹਟਾ ਦਿੱਤੀ ਅਤੇ ਸ਼ਾਮ ਨੂੰ ਮੁੱਖ ਮਾਰਗ ’ਤੇ ਆਵਾਜਾਈ ਬਹਾਲ ਕਰਵਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ਨੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾ ਕੇ ਉਨ੍ਹਾਂ ਵੱਲੋਂ ਪਾਏ ਸ਼ੈੱਡਾਂ ਦੇ ਢਾਂਚੇ ਵੀ ਹਟਾ ਦਿੱਤੇ ਹਨ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਕਿਸਾਨ-ਮਜ਼ਦੂਰ ਮੋਰਚਾ ਦਾ ਦਫ਼ਤਰ ਅਤੇ ਪੱਕੇ ਮੋਰਚੇ ਹਟਾ ਦਿੱਤੇ ਹਨ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਕੁਝ ਹਿੱਸਿਆਂ ’ਚ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ। ਪੁਲੀਸ ਦੀ ਕਾਰਵਾਈ ਨਾਲ ਖੇਤਰ ’ਚ ਤਣਾਅ ਵਧ ਗਿਆ ਹੈ।
ਚੰਡੀਗੜ੍ਹ (ਕੁਲਦੀਪ ਸਿੰਘ): ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਸੈਂਟਰ ਵਿਖੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿੱਚ ਸਟੂਡੈਂਟਸ ਫਰੰਟ ਤੋਂ ਰਮਨ, ਐੱਸ.ਐੱਫ.ਐੱਸ. ਤੋਂ ਕਰਨਵੀਰ, ਪੀ.ਐੱਸ.ਯੂ. (ਲਲਕਾਰ) ਤੋਂ ਜੋਬਨ, ਸੱਥ ਤੋਂ ਨਵਪ੍ਰੀਤ ਸਿੰਘ, ਅੰਬੇਡਕਰ ਸਟੂਡੈਂਟਸ ਫੋਰਮ ਤੋਂ ਗੁਰਦੀਪ ਸਿੰਘ, ਸੋਪੂ ਤੋਂ ਬਲਰਾਜ ਸਿੰਘ, ਪੂਸੂ ਤੋਂ ਭੁਪਿੰਦਰ ਸਿੰਘ, ਏ.ਐੱਸ.ਏ. ਤੋਂ ਗੌਤਮ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਕਿਸਾਨ ਵਿਰੋਧੀ ਦੱਸਿਆ ਅਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਆਮ ਆਦਮੀ ਦੀ ਸਰਕਾਰ ਅਤੇ ਉਸ ਦੇ ਮੁੱਖ ਮੰਤਰੀ ਦੀ ਇਸ ਸ਼ਰਮਨਾਕ ਕਾਰਵਾਈ ਆਪਣੀ ਅਵਾਜ਼ ਨੂੰ ਬੁਲੰਦ ਕਰਨ।
ਪੰਜਾਬਨਾਮਾ ਦੇ ਆਗੂ ਗਗਨਦੀਪ ਨੇ ਸਰਕਾਰ ਦੇ ਇਸ ਘਟੀਆ ਰਵੱਈਏ ਦਾ ਵਿਰੋਧ ਕੀਤਾ ਉਥੇ ਹੀ ਕਾਰਪੋਰੇਟਾਂ ਦੇ ਹੱਥੀਂ ਚੜ੍ਹੀ ‘ਆਪ’ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਭਾਜਪਾ ਅਤੇ ‘ਆਪ’ ਸਰਕਾਰ ਦੇ ਕਿਸਾਨ ਮਜ਼ਦੂਰ ਵਿਰੋਧੀ ਗੱਠਜੋੜ ਖਿਲਾਫ਼ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਤੇ ਐੱਸਪੀ ਅੰਬਾਲਾ ਮੌਕੇ ’ਤੇ ਪੁੱਜੇ
ਅੰਬਾਲਾ (ਸਰਬਜੀਤ ਸਿੰਘ ਭੱਟੀ): ਅੰਮ੍ਰਿਤਸਰ-ਦਿੱਲੀ ਕੌਮੀ ਰਾਜਮਾਰਗ ’ਤੇ ਅੰਬਾਲਾ ਸਥਿਤ ਸ਼ੰਭੂ ਬੈਰੀਅਰ ਨੂੰ ਖੋਲ੍ਹਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਤੇ ਐੱਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਨੇ ਸੰਬੰਧਤ ਅਧਿਕਾਰੀਆਂ ਦੇ ਨਾਲ ਮਿਲ ਕੇ ਸ਼ੰਭੂ ਬੈਰੀਅਰ ਦਾ ਜਾਇਜ਼ਾ ਲਿਆ। ਉਨ੍ਹਾਂ ਐੱਨਐੱਚਏਆਈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਬੈਰੀਕੇਡਿੰਗ ਹਟਾਉਣ ਸਬੰਧੀ ਕਾਰਵਾਈ ਦਾ ਵੀ ਨਿਰੀਖਣ ਕੀਤਾ।
ਲੋਕ ਹਿੱਤ ਮਿਸ਼ਨ ਬੀਕੇਯੂ ਅਤੇ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਨਾਅਰੇਬਾਜ਼ੀ
ਕੁਰਾਲੀ (ਮਿਹਰ ਸਿੰਘ): ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕਿਸਾਨਾਂ ਦਾ ਮੋਰਚਾ ਜਬਰੀ ਚੁੱਕਣ ਦੇ ਰੋਸ ਵੱਜੋਂ ਬਲਾਕ ਮਾਜਰੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਭਾਈ ਹਰਜੀਤ ਸਿੰਘ ਹਰਮਨ, ਦਰਸ਼ਨ ਸਿੰਘ ਖੇੜਾ, ਰਵਿੰਦਰ ਸਿੰਘ ਬਜੀਦਪੁਰ, ਪਰਮਜੀਤ ਸਿੰਘ ਮਾਵੀ, ਬਲਵਿੰਦਰ ਸਿੰਘ ਰੰਗੂਆਣਾ, ਭਗਤ ਸਿੰਘ ਭਗਤ ਮਾਜਰਾ, ਛੋਟਾ ਸਿੰਘ ਮਾਜਰਾ, ਅਵਤਾਰ ਸਿੰਘ ਹੁਸ਼ਿਆਰਪੁਰ, ਰਣਜੀਤ ਸਿੰਘ ਸੰਗਤਪੁਰਾ ਅਤੇ ਵਿੱਕੀ ਮਾਜਰੀ ਨੇ ਕਿਹਾ ਕਿ ‘ਆਪ’ ਸਰਕਾਰ ਤੇ ਮੁੱਖ ਮੰਤਰੀ ਨੇ ਕੇਂਦਰ ਦੇ ਇਸ਼ਾਰੇ ’ਤੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ। ਆਗੂਆਂ ਨੇ ਕਿਹਾ ਕਿ ਲੋਕ ਭਗਵੰਤ ਮਾਨ ਨੂੰ ਇਸ ਦਾ ਜਵਾਬ ਚੋਣਾਂ ’ਚ ਦੇਣਗੇ। ਮੁਜ਼ਾਹਰਾਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਵੀ ਕੀਤੀ।
ਕਿਸਾਨ ਜਥੇਬੰਦੀਆਂ ’ਚ ਸਰਕਾਰ ਖ਼ਿਲਾਫ਼ ਰੋਸ
ਖਰੜ (ਸ਼ਸ਼ੀ ਪਾਲ ਜੈਨ): ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਤੇ ਬਹਾਦਰ ਸਿੰਘ ਨਿਆਮੀਆ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਆਗੂ ਮੇਹਰ ਸਿੰਘ ਥੇੜੀ ਨੂੰ ਘੜੂੰਆਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਅੱਜ ਘੜੂੰਆਂ ਚੌਕ ਵਿੱਚ ਐੱਸਐੱਚਓ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਆਗੂਆਂ ਨੂੰ 24 ਘੰਟੇ ਵਿੱਚ ਨਾ ਛੱਡਿਆ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜੱਸੀ, ਅਜੈਬ ਸਿੰਘ, ਬਲਜਿੰਦਰ ਸਿੰਘ, ਪਰਦੀਪ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਦਿਦਾਰ ਸਿੰਘ, ਗੁਰਜੰਟ ਸਿੰਘ, ਜੀਤ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ, ਭਿੰਦਰ ਸਿੰਘ, ਰਣਧੀਰ ਸਿੰਘ, ਭਗਵੰਤ ਸਿੰਘ ਅਤੇ ਜਾਗਰ ਸਿੰਘ ਮੌਜੂਦ ਸਨ।
ਦਿੱਲੀ ਦੀ ਹਾਰ ਤੋਂ ਘਬਰਾਈ ਸਰਕਾਰ: ਚਾਵਲਾ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਬੀਤੇ ਦਿਨ ਵੱਖ-ਵੱਖ ਬਾਰਡਰਾਂ ’ਤੇ ਬੈਠੇ ਕਿਸਾਨਾਂ ਖ਼ਿਲਾਫ਼ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਹਾਰ ਤੋਂ ਬਾਅਦ ਬੁਰੀ ਤਰ੍ਹਾਂ ਘਬਰਾ ਕੇ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਜਿਵੇਂ ਕਾਰਵਾਈ ਕੀਤੀ ਗਈ ਅਜਿਹੀ ਹੀ ਕਾਰਵਾਈ ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਵਿਰੁੱਧ ਕਰਕੇ ਸੂਬਾ ਸਰਕਾਰ ਨੇ ਆਪਣੀ ਅਸਲੀਅਤ ਜੱਗ ਜ਼ਾਹਿਰ ਕਰ ਦਿੱਤੀ। ਭਾਈ ਚਾਵਲਾ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਕਿਸਾਨਾਂ ਨੇ ਆਪਣੀ ਨਿੱਜੀ ਜਾਇਦਾਦ ’ਚੋਂ ਪੈਸੇ ਖਰਚ ਕੇ ਆਪਣੇ ਬੈਠਣ ਲਈ ਟਿਕਾਣੇ ਬਣਾਏ ਸਨ ਪਰ ਪੁਲੀਸ ਵੱਲੋਂ ਜਿਵੇਂ ਨਸ਼ਾ ਤਸਕਰਾਂ ਦੇ ਘਰ ਢਾਏ ਗਏ ਉਵੇਂ ਹੀ ਕਿਸਾਨਾਂ ਦੇ ਇਹ ਆਸਰੇ ਵੀ ਢਾਹ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।