ਨੌਜਵਾਨ ਵੋਟਰਾਂ ਦੀ ਸੌ ਫੀਸਦੀ ਰਜਿਸਟਰੇਸ਼ਨ ਦਾ ਟੀਚਾ: ਸਿੱਬਨ
ਮੁੱਖ ਚੋਣ ਅਧਿਕਾਰੀ ਨੇ ਮੁਹਾਲੀ ਵਿੱਚ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ-2024 ਦਾ ਰਸਮੀ ਆਗਾਜ਼ ਕੀਤਾ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਅਕਤੂਬਰ
ਇੱਥੇ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਦਾ ਆਗਾਜ਼ ਪੰਜਾਬ ਦੇ ਮੁੱਖ ਚੋਣ ਅਫ਼ਸਰ ਸੀ ਸਿੱਬਨ ਨੇ ਕੀਤਾ। 12 ਦਸੰਬਰ ਤੱਕ ਚੱਲਣ ਵਾਲੇ ਇਸ ਕਾਰਜ ਸਬੰਧੀ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ-1 ਤੋਂ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ 300 ਸਾਈਕਲ ਸਵਾਰਾਂ ਨੇ ਭਾਗ ਲਿਆ। ਸਾਈਕਲ ਰੈਲੀ ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਅਤੇ ਐਸਡੀਐਮ ਚੰਦਰ ਜਯੋਤੀ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਚੋਣ ਅਫ਼ਸਰ ਸੀ ਸਿੱਬਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਇਸ ਮੁਹਿੰਮ ਵਿੱਚ ਹਿੱਸਾ ਲੈਣ। ਇਸ ਮੌਕੇ ਵਧੀਆ ਸਵੀਪ ਗਤੀਵਿਧੀਆਂ ਲਈ ਡੀਈਓ੍ਵ, ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਪ੍ਰਿੰਸੀਪਲ ਰਾਜੀਵ ਪੁਰੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ, ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਵੋਟ ਪਾਉਣ ਤੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਮਨੁੱਖੀ ਲੜੀ ਬਣਾਈ

ਚੰਡੀਗੜ੍ਹ (ਪੱਤਰ ਪ੍ਰੇਰਕ): ‘ਨਸ਼ਾ ਮੁਕਤ ਭਾਰਤ’ ਮੁਹਿੰਮ ਤਹਿਤ ਚੰਡੀਗੜ੍ਹ ਦੇ ਨਾਗਰਿਕਾਂ ਵਿੱਚ ਨਸ਼ਿਆਂ ਦੀ ਵਰਤੋਂ ਵਿਰੁੱਧ ਅਤੇ ਚੰਡੀਗੜ੍ਹ ਵਾਸੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕਤਾ ਕਰਨ ਵਾਸਤੇ ਅੱਜ ਸੈਕਟਰ-16 ਸਥਿਤ ਰੋਜ਼ ਗਾਰਡਨ ਵਿੱਚ ਕਰੀਬ ਇਕ ਹਜ਼ਾਰ ਵਿਦਿਆਰਥੀਆਂ ਵੱਲੋਂ ‘ਚੰਡੀਗੜ੍ਹ ਵੋਟ ਕਰੇਗਾ’ ਅਤੇ ‘ਚੰਡੀਗੜ੍ਹ ਸੇਅ ਨੋ ਟੂ ਡਰੱਗਜ਼’ ਮੁਹਿੰਮ ਤਹਿਤ ਇੱਕ ਮਨੁੱਖੀ ਲੜੀ ਬਣਾਈ ਗਈ। ਯੂਟੀ ਦੇ ਚੋਣ ਵਿਭਾਗ ਵੱਲੋਂ ਸਮਾਜ ਭਲਾਈ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਗ੍ਰਹਿ ਸਕੱਤਰ-ਕਮ-ਸਕੱਤਰ, ਸਮਾਜ ਭਲਾਈ ਵਿਭਾਗ ਨਿਤਨਿ ਕੁਮਾਰ ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਵਿੱਤ ਸਕੱਤਰ-ਕਮ-ਮੁੱਖ ਚੋਣ ਅਧਿਕਾਰੀ ਡਾ. ਵਿਜੈ ਨਾਮਦੇਵਰਾਓ ਜ਼ਾਦੇ, ਸੰਯੁਕਤ ਮੁੱਖ ਚੋਣ ਅਧਿਕਾਰੀ ਸੌਰਭ ਅਰੋੜਾ ਨੇ ਵੀ ਦਸਤਖ਼ਤੀ ਮੁਹਿੰਮ ਵਿੱਚ ਭਾਗ ਲਿਆ ਅਤੇ ਵੋਟਿੰਗ ਵਿੱਚ ਭਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਸੁਨੇਹੇ ਨਾਲ ਗੁਬਾਰਾ ਛੱਡਿਆ। ਵਿਸ਼ਾਲ ਮਨੁੱਖੀ ਲੜੀ ਦੇ ਇਸ ਗਠਨ ਨਾਲ ਚੋਣ ਵਿਭਾਗ ਨੇ ਸਾਲ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲੀ ਜਨਵਰੀ 2024 ਤੋਂ ਡਰਾਫ਼ਟ ਵੋਟਰ ਸੂਚੀ ਜਾਰੀ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਗਿਆ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਸਮੂਹ ਨਾਗਰਿਕ ਵੋਟਰ ਸੂਚੀਆਂ ਵਿੱਚ ਆਪਣੀ ਵੋਟ ਨਾਲ ਸਬੰਧਤ ਸਾਰੇ ਇੰਦਰਾਜ ਚੈੱਕ ਕਰਨ। ਇਨ੍ਹਾਂ ਇੰਦਰਾਜਾਂ ਦੀ ਵੋਟਰ ਹੈਲਪਲਾਈਨ ਐਪ, ਚੋਣ ਵਿਭਾਗ ਦੀ ਵੈੱਬਸਾਈਟ ਉਤੇ ਜਾ ਕੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ।

