ਰਾਹੁਲ ਨੂੰ ਸਿਰੋਪਾਓ ਦੇਣਾ ਅਕਾਲੀ ਦਲ-ਕਾਂਗਰਸ ਗੱਠਜੋੜ ਦੀ ਸ਼ੁਰੂਆਤ: ਪੀਰਮੁਹੰਮਦ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰਪਾਓ ਦੇ ਕੇ ਸਿੱਖਾਂ ਦੇ ਅੱਲ੍ਹੇ ਜ਼ਖ਼ਮਾਂ ’ਤੇ ਨਮਕ ਛਿੜਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਅਤੇ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਗਾਂਧੀ ਪਰਿਵਾਰ ਦੇ ਫਰਜ਼ੰਦ ਨੂੰ ਸਿਰਪਾਓ ਦੇਣਾ ਸਿੱਖ ਕੌਮ ਲਈ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ। ਪੀਰਮੁਹੰਮਦ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲੋਂ ਨਾਤਾ ਤੋੜਿਆ ਸੀ ਤਾਂ ਉਨ੍ਹਾਂ ਇੰਕਸਾਫ਼ ਕੀਤਾ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਨੇੜੇ ਲਿਆਉਣ ਦਾ ਕੁੱਝ ਦਿੱਲੀ ਬੈਠੇ ਅਕਾਲੀ ਲੀਡਰਾਂ ਨੇ ਬੀੜਾ ਚੁੱਕਿਆ ਹੋਇਆ ਹੈ। ਉਸੇ ਕੜੀ ਤਹਿਤ ਗਾਂਧੀ ਪਰਿਵਾਰ ਨੂੰ ਮੁਆਫ਼ੀ ਦਿਵਾਉਣ ਤੱਕ ਦੀ ਸਾਜ਼ਿਸ਼ ਸ਼ਾਮਲ ਹੈ ਅਤੇ ਉਸੇ ਕੜੀ ਤਹਿਤ ਸਿੱਖ ਸੰਗਤ ਦਾ ਗੁੱਸਾ ਚੈੱਕ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬ ਵਿੱਚ ਰਾਹੁਲ ਗਾਂਧੀ ਨੂੰ ਸਿਰੋਪਾ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਸ਼ਮੂਲੀਅਤ ਵਾਲੇ ‘ਇੰਡੀਆ’ ਗੱਠਜੋੜ ਦੇ ਕੇਂਦਰੀ ਆਗੂਆਂ ਨਾਲ ਅਕਾਲੀ ਦਲ (ਬਾਦਲ) ਤਾਮਿਲਨਾਡੂ ਵਿੱਚ ਮੀਟਿੰਗ ਕਰ ਚੁੱਕਾ ਹੈ।