ਭਾਰਤੀ ਬਾਲ ਭਲਾਈ ਕਰਮਚਾਰੀ ਪਰਿਸ਼ਦ ਯੂਨੀਅਨ ਵੱਲੋਂ ਗੇਟ ਰੈਲੀ
ਚੰਡੀਗੜ੍ਹ, 11 ਜੂਨ
ਆਈਸੀਸੀਡਬਲਿਊ ਕਰਮਚਾਰੀ ਯੂਨੀਅਨ ਨੇ ਅੱਜ ਬਾਲ ਭਵਨ ਦੇ ਸਾਹਮਣੇ ਇੱਕ ਗੇਟ ਰੈਲੀ ਕੀਤੀ, ਜਿਸ ਵਿੱਚ ਸਮਾਜ ਭਲਾਈ ਡਾਇਰੈਕਟਰ ਦੇ ਰਵੱਈਏ ਨੂੰ ਕਰਮਚਾਰੀ ਵਿਰੋਧੀ ਦੱਸਦਿਆਂ 12 ਕਰਮਚਾਰੀਆਂ ਦੀ ਗੈਰ-ਕਾਨੂੰਨੀ ਬਰਖਾਸਤਗੀ ਅਤੇ ਸੇਵਾਮੁਕਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਯੂਨੀਅਨ ਦੀ ਪ੍ਰਧਾਨ ਸੁਨੀਤਾ ਸ਼ਰਮਾ, ਸੀਨੀਅਰ ਉਪ ਪ੍ਰਧਾਨ ਰੇਖਾ ਗੋਰਾ, ਉਪ ਪ੍ਰਧਾਨ ਲਖਵਿੰਦਰ ਕੌਰ ਅਤੇ ਜਨਰਲ ਸਕੱਤਰ ਬਿਹਾਰੀ ਲਾਲ ਨੇ ਕਿਹਾ ਕਿ ਸਮਾਜ ਭਲਾਈ ਡਾਇਰੈਕਟਰ ਪੂਰੀ ਤਰ੍ਹਾਂ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ ਅਤੇ ਕ੍ਰੈੱਚ ਕਰਮਚਾਰੀਆਂ ਨੂੰ ਚੋਣਵੇਂ ਰੂਪ ਵਿੱਚ ਨਿਸ਼ਾਨਾ ਬਣਾ ਰਿਹਾ ਹੈ। ਅਪਰੈਲ ਮਹੀਨੇ ਵਿੱਚ ਸੱਤ ਕਰਮਚਾਰੀਆਂ ਨੂੰ ਫੇਸ ਐਪ ਰਾਹੀਂ ਹਾਜ਼ਰੀ ਲਗਾਉਣ ਦੇ ਬਹਾਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਜਦੋਂ ਕਿ ਹੁਣ ਤੱਕ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਫੇਸ ਐਪ ਰਾਹੀਂ ਨਹੀਂ ਲਗਾਈ ਜਾ ਰਹੀ ਹੈ। ਇਨ੍ਹਾਂ ਸੱਤ ਕਰਮਚਾਰੀਆਂ ਨੂੰ ਬਦਲੇ ਦੀ ਭਾਵਨਾ ਨਾਲ ਬਰਖਾਸਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, 31 ਮਈ ਨੂੰ ਪੰਜ ਕਰਮਚਾਰੀਆਂ ਨੂੰ 60 ਸਾਲ ਦੀ ਉਮਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਜ਼ਬਰਦਸਤੀ ਸੇਵਾਮੁਕਤ ਕਰ ਦਿੱਤਾ ਗਿਆ, ਜੋ ਕਿ ਪੂਰੀ ਤਰ੍ਹਾਂ ਗਲਤ ਅਤੇ ਨਿੰਦਣਯੋਗ ਹੈ। ਆਈਸੀਡੀਐਸ ਵਿੱਚ ਸੇਵਾਮੁਕਤੀ ਦੀ ਉਮਰ 65 ਸਾਲ ਹੈ।
ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀਆਂ ਉਕਤ ਕਰਮਚਾਰੀ ਵਿਰੋਧੀ ਨੀਤੀਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਡਾਇਰੈਕਟਰ ਸਮਾਜ ਭਲਾਈ ਦਾ ਕਰੈੱਚ ਕਰਮਚਾਰੀਆਂ ਪ੍ਰਤੀ ਰਵੱਈਆ ਸਹੀ ਨਹੀਂ ਹੈ। ਕਰੈੱਚ ਕਰਮਚਾਰੀਆਂ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਮਾਣਭੱਤਾ ਵੀ ਦੋ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਪੂਰਾ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਪਰਿਵਾਰ ਚਲਾਉਣ ਅਤੇ ਹਾਜ਼ਰੀ ਲਗਾਉਣ ਲਈ ਕਿਸ਼ਤਾਂ ’ਤੇ ਲਏ ਗਏ ਮੋਬਾਈਲ ਫੋਨਾਂ ਦੀਆਂ ਕਿਸ਼ਤਾਂ ਜਮ੍ਹਾਂ ਕਰਨ ਵਿੱਚ ਵੀ ਬਹੁਤ ਮੁਸ਼ਕਲ ਆ ਰਹੀ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੈ।
ਕਰਮਚਾਰੀ ਯੂਨੀਅਨ ਅਤੇ ਫੈਡਰੇਸ਼ਨ ਕਰਮਚਾਰੀਆਂ ਨੂੰ ਬਹਾਲ ਕਰਵਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਅਤੇ ਗੱਲਬਾਤ ਕਰ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਗੇਟ ਮੀਟਿੰਗ ਵਿੱਚ ਸਾਰੇ ਕਰੈਚ ਕਰਮਚਾਰੀਆਂ ਨੂੰ 13 ਜੂਨ ਨੂੰ ਫੈਡਰੇਸ਼ਨ ਆਫ ਯੂਟੀ ਐਂਪਲਾਈਜ਼ ਚੰਡੀਗੜ੍ਹ ਵੱਲੋਂ ਕੀਤੇ ਜਾ ਰਹੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।