ਮੁਹਾਲੀ ਦੇ ਸੀਨੀਅਰ ਪੁਲੀਸ ਕਪਤਾਨ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਅੱਜ ਸਵੇਰੇ ਗੈਂਗਸਟਰ ਰਣਵੀਰ ਸਿੰਘ ਨੂੰ ਸੀ ਆਈ ਏ ਖਰੜ ਦੀ ਟੀਮ ਨੇ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਚੰਡੀਗੜ੍ਹ ਗੋਲੀਬਾਰੀ ਘਟਨਾ ਵਿੱਚ ਵਰਤੇ ਮੋਟਰਸਾਈਕਲ ਸਣੇ ਰੋਕਿਆ ਗਿਆ। ਉਸ ਨੂੰ ਜਦੋਂ ਆਤਮ-ਸਮਰਪਣ ਲਈ ਕਿਹਾ ਤਾਂ ਉਸ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਇਸ ਮਗਰੋਂ ਪੁਲੀਸ ਦੀ ਜਵਾਬੀ ਕਾਰਵਾਈ ’ਚ ਰਣਵੀਰ ਦੀ ਲੱਤ ਵਿੱਚ ਗੋਲੀ ਲੱਗੀ। ਮੁਲਜ਼ਮ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਹੋਇਆ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਅਰਸਜੋਤ ਸਿੰਘ, ਰਣਵੀਰ ਸਿੰਘ ਅਤੇ ਜਸਨਜੀਤ ਸਿੰਘ ਵਿਰੁੱਧ ਥਾਣਾ ਸਿਟੀ ਖਰੜ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਚਾਰ ਨਵੰਬਰ ਨੂੰ ਫ਼ਿਰੌਤੀ ਮੰਗਣ ਮਗਰੋਂ ਚੰਡੀਗੜ੍ਹ ਦੇ ਸੈਕਟਰ 39 ਵਿੱਚ ਮਨਪ੍ਰੀਤ ਸਿੰਘ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਮਨਪ੍ਰੀਤ ਸਿੰਘ ਮੁਹਾਲੀ ’ਚ ਟੀ ਡੀ ਆਈ ਸਿਟੀ ’ਚ ਹੋਟਲ ਰੀਜੈਂਟਾ ਚਲਾਉਂਦਾ ਹੈ।
ਸ੍ਰੀ ਹਾਂਸ ਨੇ ਦੱਸਿਆ ਕਿ ਮੁਲਜ਼ਮ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ। ਪੁਲੀਸ ਨੇ ਅਰਸਜੋਤ ਸਿੰਘ ਅਤੇ ਜਸਨਜੀਤ ਸਿੰਘ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਨ੍ਹਾਂ ਕੋਲੋਂ ਚੰਡੀਗੜ੍ਹ ਵਿੱਚ ਗੋਲੀਆਂ ਚਲਾਉਣ ਲਈ ਵਰਤਿਆ ਪਿਸਤੌਲ ਤੇ ਤਿੰਨ ਕਾਰਤੂਸ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਇਹ ਯਕੀਨੀ ਬਣਾਵੇਗੀ ਕਿ ਕਾਨੂੰਨ ਵਿਵਸਥਾ ਅਤੇ ਨਾਗਰਿਕਾਂ ਦੀ ਸੁਰੱਖਿਆ ਹਰ ਕੀਮਤ ’ਤੇ ਬਣਾਈ ਜਾਵੇ।

