ਜ਼ਿਲ੍ਹਾ ਪੁਲੀਸ ਨੇ ਲੋਕਾਂ ਤੋਂ ਮੋਬਾਈਲ ਫ਼ੋਨ ਰਾਹੀਂ ਧੋਖਾਧੜੀ ਕਰਨ ਵਾਲੇ ਵੱਖ-ਵੱਖ ਸੂਬਿਆਂ ਦੇ ਗਰੋਹ ਦੇ 4 ਮੈਂਬਰਾਂ ਨੂੰ 9 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ ਜਦੋਂਕਿ ਇਨ੍ਹਾਂ ਦੇ 3 ਸਾਥੀ ਅਜੇ ਫ਼ਰਾਰ ਹਨ। ਇਹ ਗੱਲ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਚੀਮਾ ਵਾਸੀ ਲੁਹਾਰੀ ਕਲਾਂ ਥਾਣਾ ਖੇੜੀ ਨੌਧ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਮੋਬਾਈਲ ’ਤੇ ਵਟਸਅਪ ਕਾਲ ਆਈ ਤੇ ਗ੍ਰਿਫ਼ਤਾਰੀ ਦਾ ਡਰਾਵਾ ਦੇ ਕੇ ਉਸ ਪਾਸੋਂ ਆਪਣੇ ਆਈਸੀਆਈਸੀਆਈ ਬੈਕ ਦੇ ਖਾਤਾ ਨੰਬਰ 092505501549 ਵਿਚ 30 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ। ਕਪਤਾਨ ਪੁਲੀਸ ਰਾਕੇਸ਼ ਯਾਦਵ ਅਤੇ ਉਪ ਪੁਲੀਸ ਕਪਤਾਨ ਹਰਤੇਸ਼ ਕੌਸ਼ਿਕ ਦੀ ਅਗਵਾਈ ਹੇਠ ਇੰਸਪੈਕਟਰ ਦਵਿੰਦਰ ਸਿੰਘ ਨੇ ਤਫ਼ਤੀਸ਼ ਕਰਕੇ ਸੱਤ ਜਣੇ ਨਾਮਜ਼ਦ ਕੀਤੇ ਜਿਨ੍ਹਾਂ ਵਿਚੋਂ 13 ਮਈ ਨੂੰ ਮਨਿੰਦਰ ਸਿੰਘ, 16 ਮਈ ਨੂੰ ਅਨਿਲ ਕੁਮਾਰ ਅਤੇ ਨਵੀਨ ਸ਼ਰਮਾ, 22 ਜੁਲਾਈ ਨੂੰ ਅਕਬਰ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 9 ਲੱਖ ਰੁਪਏ ਦੀ ਬਰਾਮਦਗੀ ਕਰਵਾਈ ਗਈ। ਅਕਬਰ ਅਲੀ ਦੇ ਅਧਾਰ ’ਤੇ ਰਿਸ਼ਾਦ ਮੈਲਾਕਮ ਵਾਸੀ ਮਾਲਾਂਪੁਰਮ ਕੇਰਲਾ ਨੂੰ ਨਾਮਜ਼ਦ ਕੀਤਾ ਗਿਆ। ਇਸ ਗਰੋਹ ਵਲੋਂ ਭੋਲੇਭਾਲੇ ਲੋਕਾਂ ਨੂੰ ਮੋਬਾਈਲ ਫ਼ੋਨ ਰਾਹੀਂ ਘਰ ਵਿਚ ਹੀ ਡਿਜੀਟਲ ਗ੍ਰਿਫ਼ਤਾਰੀ ਦਾ ਡਰਾਵਾ ਦੇ ਕੇ ਉਨ੍ਹਾਂ ਪਾਸੋਂ ਮੋਟੀ ਰਕਮ ਵਸੂਲ ਕਰਕੇ ਧੋਖਾਧੜੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਰੋਹ ਦੇ ਤਿੰਨ ਮੈਬਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ।