ਕਾਲੀਆਂ ਪੱਟੀਆਂ ਬੰਨ੍ਹ ਕੇ ਜੁਮੇ ਦੀ ਨਮਾਜ਼ ਅਦਾ
ਕੁਲਦੀਪ ਸਿੰਘ
ਚੰਡੀਗੜ੍ਹ, 25 ਅਪਰੈਲ
ਮੁਸਲਿਮ ਭਾਈਚਾਰੇ ਨੇ ਪਹਿਲਗਾਮ ਅਤਿਵਾਦੀ ਹਮਲੇ ਖ਼ਿਲਾਫ਼ ਅੱਜ ਚੰਡੀਗੜ੍ਹ ਦੀਆਂ ਸਾਰੀਆਂ ਮਸਜਿਦਾਂ ਵਿੱਚ ਇਕਜੁੱਟਤਾ ਜ਼ਾਹਿਰ ਕਰਦਿਆਂ ਕਾਲੀਆਂ ਪੱਟੀਆਂ ਬੰਨ੍ਹ ਕੇ ਜੁਮੇ ਦੀ ਨਮਾਜ਼ ਅਦਾ ਕੀਤੀ। ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਜਾਨ ਗੁਆਉਣ ਵਾਲੇ ਲੋਕਾਂ ਲਈ ਦੁੱਖ ਪ੍ਰਗਟ ਕੀਤਾ। ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਵਸੀਮ ਮੀਰ ਨੇ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਏਕਤਾ ਦਾ ਪ੍ਰਤੀਕ ਸੀ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਅੱਜ ਮਨੀਮਾਜਰਾ, ਸੈਕਟਰ-26, ਦੜੂਆ ਪਿੰਡ, ਸੈਕਟਰ-56 ਅਤੇ ਬੁਟੇਰਾ (ਬਰੂਡਲ) ਦੀਆਂ ਸਾਰੀਆਂ ਪ੍ਰਮੁੱਖ ਮਸਜਿਦਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ।
ਵਸੀਮ ਮੀਰ ਨੇ ਕਿਹਾ ਕਿ ਸੈਕਟਰ 20 ਸਥਿਤ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਅਜਮਲ ਖਾਨ ਨੇ ਸਵੇਰ ਦੀ ਨਮਾਜ਼ ਤੋਂ ਪਹਿਲਾਂ ਸਾਰੀਆਂ ਮਸਜਿਦਾਂ ਵਿੱਚ ਕਾਲੀ ਪੱਟੀ ਬੰਨ੍ਹ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਸੀ। ਕਾਂਗਰਸ ਦੇ ਜਨਰਲ ਸਕੱਤਰ ਜ਼ਾਹਿਦ ਪ੍ਰਵੇਸ਼ ਖਾਨ ਅਤੇ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਮੁਹੰਮਦ ਸਦੀਕ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਮੁੱਖ ਤੌਰ ’ਤੇ ਮੁਹੰਮਦ ਸਦੀਕ ਮੀਤ ਪ੍ਰਧਾਨ ਚੰਡੀਗੜ੍ਹ ਕਾਂਗਰਸ, ਜ਼ਾਹਿਦ ਪ੍ਰਵੇਸ਼ ਖਾਨ ਜਨਰਲ ਸਕੱਤਰ ਚੰਡੀਗੜ੍ਹ ਸਟੇਟ ਕਾਂਗਰਸ, ਬਲਾਕ ਪ੍ਰਧਾਨ ਸੁਲੇਮਾਨ, ਘੱਟ ਗਿਣਤੀ ਕਾਂਗਰਸ ਤੋਂ ਮੁਹੰਮਦ ਆਬਿਦ, ਘੱਟ ਗਿਣਤੀ ਕਾਂਗਰਸ ਤੋਂ ਮੁਹੰਮਦ ਆਰਿਫ, ਹਾਜੀ ਰਈਸ, ਇਕਬਾਲ ਖਾਨ ਅਤੇ ਹੋਰ ਬਹੁਤ ਸਾਰੇ ਮੌਜੂਦ ਸਨ।
ਮੋਰਿੰਡਾ (ਸੰਜੀਵ ਤੇਜਪਾਲ): ਪਹਿਲਗਾਮ ਅਤਿਵਾਦੀ ਹਮਲੇ ਦੇ ਵਿੱਚ ਅੱਜ ਮੋਰਿੰਡਾ ਦੇ ਸਾਰੇ ਬਾਜ਼ਾਰ ਬੰਦ ਰੱਖੇ ਗਏ। ਇਸ ਮੌਕੇ ਮਾਰੇ ਗਏ ਸੈਲਾਨੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸ਼ਹਿਰ ਦੇ ਦੁਕਾਨਦਾਰਾਂ ਨੇ ਸਥਾਨਕ ਸਨਾਤਨ ਧਰਮ ਮੰਦਰ ਵਿੱਚ ਮੀਟਿੰਗ ਕਰਕੇ ਘਟਨਾ ਦੀ ਨਿਖੇਧੀ ਕੀਤੀ। ਇਸ ਦੌਰਾਨ ਸ਼ਹਿਰ ਵਿੱਚ ਮੋਮਬੱਤੀ ਮਾਰਚ ਵੀ ਕੀਤਾ ਗਿਆ।
ਖਰੜ (ਸ਼ਸ਼ੀ ਪਾਲ ਜੈਨ): ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। । ਮਾਰਚ ਦੀ ਅਗਵਾਈ ਸੁਭਾਸ਼ ਅਗਰਵਾਲ, ਵਿਸ਼ਵਬੰਧੂ ਆਰੀਆ, ਪਵਨ ਕੁਮਾਰ ਮੰਗਲ ਆਦਿ ਨੇ ਕੀਤੀ।
ਅਮਲੋਹ (ਰਾਮ ਸਰਨ ਸੂਦ): ਭਾਜਪਾ ਦੇ ਸੂਬਾਈ ਕਾਰਜਕਾਰੀ ਸਕੱਤਰ ਅਤੇ ਇੰਚਾਰਜ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਪ੍ਰਦੀਪ ਗਰਗ ਦੀ ਅਗਵਾਈ ਹੇਠ ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਅਮਲੋਹ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ ਦੀ ਰਾਮ ਮੰਦਰ ਅਮਲੋਹ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ। ਇਸ ਮਗਰੋਂ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ।
ਡੀਆਈਜੀ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦਾ ਭਰੋਸਾ
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਅੱਜ ਮੁਹਾਲੀ ਸਮੇਤ ਰੂਪਨਗਰ ਰੇਂਜ ਵਿਚਲੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਕੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਇੱਥੇ ਪੜ੍ਹਦੇ ਕਸ਼ਮੀਰੀ ਅਤੇ ਹੋਰਨਾਂ ਰਾਜਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਇਸ ਮੌਕੇ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸਪੀ (ਪੀਬੀਆਈ) ਦੀਪਿਕਾ ਸਿੰਘ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਵੀ ਮੌਜੂਦ ਸਨ। ਲਾਂਡਰਾਂ ਕਾਲਜ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਫੈਕਲਟੀ ਅਤੇ ਮੈਨੇਜਮੈਂਟ ਨਾਲ ਮੀਟਿੰਗਾਂ ਦੌਰਾਨ ਡੀਆਈਜੀ ਭੁੱਲਰ ਨੇ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਕਿਸੇ ਵੀ ਵਿਦਿਆਰਥੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਦੌਰਾਨ ਉਨ੍ਹਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ। ਇਸ ਦੌਰਾਨ ਪਹਿਲਗਾਮ ਅਤਿਵਾਦੀ ਹਮਲੇ ਵਿਰੁੱਧ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਦੀ ਅਗਵਾਈ ਹੇਠ ਕਾਲਜ ਮੈਨੇਜਮੈਂਟ, ਸਮੂਹ ਸਟਾਫ਼ ਅਤੇ ਹੋਰਨਾਂ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਮ੍ਰਿਤਕ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਕਸ਼ਮੀਰੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਅਤੇ ਭਾਜਪਾ ਵਪਾਰ ਮੰਡਲ ਦੇ ਪ੍ਰਧਾਨ ਸੁੰਦਰ ਲਾਲ ਅਗਰਵਾਲ ਉਨ੍ਹਾਂ ਦੀ ਪਤਨੀ ਸੰਗੀਤਾ ਰਾਣੀ, ਪੁੱਤਰ ਕਾਰਤਿਕ ਅਗਰਵਾਲ, ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਸੀਨੀਅਰ ਆਗੂ ਅਸ਼ੋਕ ਝਾਅ, ਸ਼ਲਿੰਦਰ ਆਨੰਦ ਅਤੇ ਹੋਰ ਆਗੂ ਵੀ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ।
ਅੰਬਾਲਾ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ
ਅੰਬਾਲਾ (ਰਤਨ ਸਿੰਘ ਢਿੱਲੋਂ): ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਅੱਜ ਹਿੰਦੂ ਸੰਗਠਨਾਂ ਨੇ ਸ਼ਹਿਰ ਅਤੇ ਛਾਉਣੀ ਵਿੱਚ ਪ੍ਰਦਰਸ਼ਨ ਕੀਤੇ। ਸ਼ਹਿਰ ਵਿਚ ਮਾਨਵ ਚੌਕ ਵਿਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਵੀ ਹੋ ਗਈ। ਇਸ ਦੌਰਾਨ ਭਾਰੀ ਪੁਲੀਸ ਬਲ ਤਾਇਨਾਤ ਸੀ। ਪੁਲੀਸ ਪ੍ਰਸ਼ਾਸਨ ਵੱਲੋਂ ਵਾਹਨਾਂ ਨੂੰ ਸਾਈਡ ‘ਤੇ ਪਾਰਕ ਕਰਨ ਦੀ ਹਦਾਇਤ ਕੀਤੀ ਗਈ ਜਿਸ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਅਤੇ ਪੁਲੀਸ ਵਾਲਿਆਂ ਵਿਚਕਾਰ ਝੜਪ ਹੋ ਗਈ। ਵੀਐਚਪੀ ਵਰਕਰਾਂ ਨੇ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਪਰ ਬਜਰੰਗ ਦਲ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਸਥਿਤੀ ਨੂੰ ਸੰਭਾਲਿਆ ਅਤੇ ਜਾਮ ਹਟਾ ਦਿੱਤਾ। ਸ਼ਿਵ ਸੈਨਾ ਹਿੰਦ ਦੇ ਕੌਮੀ ਬੁਲਾਰੇ ਦੀਪਕ ਸ਼ਾਂਡਿਲਿਆ ਨੇ ਚੰਡੀਗੜ੍ਹ ਵਿੱਚ ਪਾਕਿਸਤਾਨ ਦੇ ਹੱਕ ਵਿੱਚ ਨਾਅਰੇ ਲਾਉਣ ਵਾਲੇ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।