ਜ਼ਿਲ੍ਹਾ ਪੰਚਕੂਲਾ ਪੁਲੀਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਧੋਖਾਧੜੀ ਵਾਲੀ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਚਕੂਲਾ ਵਾਸੀ ਸ਼ਿਕਾਇਤਕਰਤਾ ਨੇ ਸਾਈਬਰ ਕ੍ਰਾਈਮ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਟਵਿੱਟਰ ’ਤੇ ਇੱਕ ਕੰਪਨੀ ਲਈ ਇੱਕ ਨਿਵੇਸ਼ ਇਸ਼ਤਿਹਾਰ ਆਇਆ ਸੀ। ਇਸ਼ਤਿਹਾਰ ਵਿੱਚ ਸ਼ੇਅਰ ਟਰੇਡਿੰਗ ਨਾਲ ਸਬੰਧਤ ਇੱਕ ਲਿੰਕ ਸੀ ਤੇ ਜਦੋਂ ਸ਼ਿਕਾਇਤਕਰਤਾ ਨੇ ਲਿੰਕ ’ਤੇ ਕਲਿੱਕ ਕੀਤਾ ਤਾਂ ਇੱਕ ਵਟਸਐਪ ਚੈਟ ਖੁੱਲ੍ਹ ਗਈ, ਜਿੱਥੇ ਨਿੱਜੀ ਜਾਣਕਾਰੀ ਦੀ ਮੰਗ ਕੀਤੀ ਗਈ। ਫਿਰ ਨਿਵੇਸ਼ ਦੇ ਉਦੇਸ਼ਾਂ ਲਈ ਇੱਕ ਮੋਬਾਈਲ ਨੰਬਰ ਸਾਂਝਾ ਕੀਤਾ ਗਿਆ। ਸ਼ਿਕਾਇਤਕਰਤਾ ਨੂੰ ਉਸ ਦੇ ਸ਼ੁਰੂਆਤੀ ਨਿਵੇਸ਼ ’ਤੇ ਥੋੜ੍ਹਾ ਜਿਹਾ ਲਾਭ ਵੀ ਦਿੱਤਾ ਗਿਆ ਸੀ, ਜਿਸ ਨਾਲ ਉਸਦਾ ਵਿਸ਼ਵਾਸ ਵਧ ਗਿਆ। ਬਾਅਦ ਵਿੱਚ ਵੱਖ-ਵੱਖ ਸਮਿਆਂ ’ਤੇ ਉਸ ਨਾਲ ਕੁੱਲ 8,53,905 ਦੀ ਧੋਖਾਧੜੀ ਕੀਤੀ ਗਈ। ਸਾਈਬਰ ਪੁਲੀਸ ਸਟੇਸ਼ਨ ਪੰਚਕੂਲਾ ਦੀ ਟੀਮ ਨੇ ਤਕਨੀਕੀ ਸਬੂਤ ਇਕੱਠੇ ਕੀਤੇ ਅਤੇ ਜੈ ਕਿਸ਼ਨ ਵਾਸੀ ਫਤਿਹਾਬਾਦ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਅਧਿਕਾਰੀ ਏਐੱਸਆਈ ਸਤੀਸ਼ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਬੈਂਕ ਖਾਤੇ ਵਿਰੁੱਧ ਸਾਈਬਰ ਧੋਖਾਧੜੀ ਦੀਆਂ 66 ਆਨਲਾਈਨ ਸ਼ਿਕਾਇਤਾਂ ਦਰਜ ਹਨ। ਇਸ ਤੋਂ ਇਲਾਵਾ ਮੁਲਜ਼ਮ ਦੇ ਖਾਤੇ ਵਿੱਚ ਹੁਣ ਤੱਕ ਕੁੱਲ 4 ਕਰੋੜ ਤੋਂ ਵੱਧ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲੱਗਾ ਹੈ। ਐੱਸ ਐੱਚ ਓ ਯੁੱਧਵੀਰ ਦੀ ਟੀਮ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਨੈੱਟਵਰਕ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਧੋਖਾਧੜੀ ਵਿੱਚ ਕਈ ਹੋਰ ਵਿਅਕਤੀ ਅਤੇ ਬੈਂਕ ਖਾਤੇ ਸ਼ਾਮਲ ਹੋ ਸਕਦੇ ਹਨ।