ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਚਾਰ ਗ੍ਰਿਫਤਾਰ
ਅੰਬਾਲਾ ਪੁਲੀਸ ਨੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਥਾਣਾ ਪੰਜੋਖਰਾ ਸਾਹਿਬ ਵਿੱਚ ਦਰਜ ਕੀਤੇ ਮਾਮਲੇ ਵਿੱਚ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਪਿੰਡ ਟੁੰਡਲਾ ਨੂੰ 26 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਰਿਮਾਂਡ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਰੋਹਣ ਕੁਮਾਰ ਉਰਫ਼ ਨੋਨੀ ਅਤੇ ਆਦਿਤਿਆ ਪ੍ਰਕਾਸ਼ ਉਰਫ਼ ਲਵਣ ਵੀ ਚੋਰੀ ’ਚ ਸ਼ਾਮਲ ਹਨ। ਇਸ ਤੋਂ ਬਾਅਦ ਪੁਲੀਸ ਨੇ 27 ਅਗਸਤ ਨੂੰ ਦੋਵੇਂ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ। ਤਿੰਨਾਂ ਤੋਂ ਗਹਿਣੇ, ਮੋਬਾਈਲ ਅਤੇ ਨਕਦੀ ਬਰਾਮਦ ਹੋਏ ਹਨ। ਇਹ ਚੋਰੀ 22/23 ਅਗਸਤ ਦੀ ਰਾਤ ਨੂੰ ਹਰਸ਼ਦੀਪ ਸਿੰਘ ਦੇ ਘਰ ’ਚ ਹੋਈ ਸੀ। ਦੂਜੇ ਮਾਮਲੇ ਵਿੱਚ ਥਾਣਾ ਅੰਬਾਲਾ ਸ਼ਹਿਰ ਨੇ ਰਾਜੀਵ ਕੁਮਾਰ ਵਾਸੀ ਇੰਦਰਪੁਰੀ ਕਾਲੋਨੀ (ਮੌਜੂਦਾ ਪਤਾ ਨਵਾਂ ਬਾਂਸ, ਰੇਲਵੇ ਰੋਡ) ਨੂੰ ਗ੍ਰਿਫ਼ਤਾਰ ਕਰਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ। ਸ਼ਿਕਾਇਤਕਰਤਾ ਪ੍ਰਵੀਣ ਸਾਹਨੀ ਨੇ ਦੱਸਿਆ ਸੀ ਕਿ 20 ਅਗਸਤ ਨੂੰ ਉਸ ਦੇ ਘਰੋਂ ਘਰੇਲੂ ਨੌਕਰਾਨੀਆਂ ਨੇ ਲਗਪੱਗ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਜਾਂਚ ਦੌਰਾਨ ਗੁਆਂਢੀ ਰਾਜੀਵ ਵੀ ਇਸ ਵਾਰਦਾਤ ਵਿੱਚ ਸ਼ਾਮਲ ਪਾਇਆ ਗਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ।