ਗੋਲੀਆਂ ਚਲਾਉਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਇੱਥੋਂ ਨੇੜਲੇ ਪਿੰਡ ਤੋਲੇਮਾਜਰਾ ਵਿੱਚ ਤਿੰਨ ਅਗਸਤ ਦੀ ਰਾਤ ਨੂੰ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪਿਸਤੌਲ ਸਣੇ ਚਾਰ ਕਾਰਤੂਸ ਬਰਾਮਦ ਕੀਤੇ ਹਨ।
ਜ਼ਿਲ੍ਹਾ ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੰਦੀਪ ਸਿੰਘ ਸਿੱਧੂ ਨੇ ਪੁਲੀਸ ਨੂੰ ਦੱਸਿਆ ਸੀ ਕਿ ਤਿੰਨ ਅਗਸਤ ਨੂੰ ਦੋ ਅਣਪਛਾਤਿਆਂ ਨੇ ਉਸ ਦੇ ਘਰ ਅੱਗੇ ਗੋਲੀਆਂ ਚਲਾਈਆਂ। ਇਸ ਕਾਰਨ ਘਰ ਦਾ ਮੇਨ ਗੇਟ ਤੇ ਅੰਦਰ ਖੜ੍ਹੀ ਕਾਰ ਨੂੰ ਨੁਕਸਾਨ ਪਹੁੰਚਿਆ ਸੀ।
ਉਨਾਂ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਗੋਲੀਆਂ ਚਲਾਉਣ ਵਾਲੇ ਤਿੰਨ ਅਤੇ ਇੱਕ ਮੁਲਜ਼ਮ ਨੂੰ ਰੇਕੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਸੁਖਮਨਦੀਪ ਸਿੰਘ ਵਾਸੀ ਪਿੰਡ ਡੋਗਰ, ਸਰੂਪ ਸਿੰਘ ਵਾਸੀ ਪਿੰਡ ਪੇੜੇਵਾਲ, ਅਭਿਸ਼ੇਕ ਸਿੰਘ ਵਾਸੀ ਪਿੰਡ ਸਰਫਕੋਟ ਅਤੇ ਪ੍ਰਭਜੀਤ ਸਿੰਘ ਵਾਸੀ ਪਿੰਡ ਸਮਰਾਏ ਵਜੋਂ ਹੋਈ ਹੈ। ਪੜਤਾਲ ਦੌਰਾਨ ਖ਼ੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਵਿਦੇਸ਼ ਬੈਠੇ ਗੈਂਗਸਟਰ ਏਕਮ ਸੰਧੂ ਦੇ ਕਹਿਣ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।