ਨਾਜਾਇਜ਼ ਅਸਲੇ ਤੇ ਨਸ਼ਿਆਂ ਸਣੇ ਚਾਰ ਮੁਲਜ਼ਮ ਕਾਬੂ
ਬਲਵਿੰਦਰ ਰੈਤ
ਨੰਗਲ, 5 ਜੁਲਾਈ
ਨੰਗਲ ਪੁਲੀਸ ਅਤੇ ਸੀਆਈਏ ਸਟਾਫ ਨੇ ਸਾਂਝੇ ਅਪਰੇਸ਼ਨ ਦੌਰਾਨ ਚਾਰ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਅਤੇ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ ਹੈ। ਅੱਜ ਨੰਗਲ ਥਾਣੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਡੀਐੱਸਪੀ ਨੰਗਲ ਕੁਲਵੀਰ ਸਿੰਘ ਤੇ ਸਥਾਨਕ ਐੱਸਐਚਓ ਰੋਹਿਤ ਸ਼ਰਮਾਂ ਨੇ ਦੱਸਿਆ ਕਿ ਪੁਲੀਸ ਟੀਮ ਨੇ ਫਲਾਈਓਵਰ ’ਤੇ ਨਾਕੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਆ ਰਹੀ ਵਰਨਾ ਕਾਰ (ਨੰ: ਪੀਬੀ-65 ਐਕਸ, 3608) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਬੈਠੇ ਦੋ ਨੌਜਵਾਨਾਂ ਸਾਹਿਲ ਤੇ ਸ਼ਾਮੂ ਕੋਲੋਂ 315 ਬੋਰ ਦਾ ਦੇਸੀ ਰਿਵਾਲਵਰ ਅਤੇ ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਇਹ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਹ ਨਾਜਾਇਜ਼ ਅਸਲਾ ਕਿਥੇ ਵਰਤਣਾ ਸੀ। ਪੁਲੀਸ ਨੇ ਦੱਸਿਆ ਕਿ ਇੱਕ ਹੋਰ ਨਾਕੇ ਦੌਰਾਨ ਇੱਕ ਬੈਲੋਰੋ ਗੱਡੀ (ਨੰ; ਬੀਪੀ-74, 3575) ਜਦੋਂ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚ ਸਵਾਰ ਮਨਜਿੰਦਰ ਸਿੰਘ ਜਿੰਦੀ ਪਿੰਡ ਮਹਿੰਦਪੁਰ ਪੁਲੀਸ ਚੌਕੀ ਨਵਾਂ ਨੰਗਲ ਅਤੇ ਰਾਜੀਵ ਕੁਮਾਰ ਲੋਅਰ ਮਜ਼ਾਰੀ ਨੰਗਲ ਕੋਲੋਂ ਨਸ਼ੀਲਾ ਪ੍ਰਦਾਰਥ ਬਰਾਮਦ ਹੋਇਆ ਹੈ ਜਿਸ ਵਿੱਚ 20 ਟੀਕੇ ਡਿਰਮਾਡੋਲ ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੂੰ ਆਦਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਤੇ ਜਾਂਚ ਜਾਰੀ ਹੈ। ਡੀਐੱਸਪੀ ਨੰਗਲ ਕੁਲਵੀਰ ਸਿੰਘ ਨੇ ਕਿਹਾ ਕਿ ਪੁਲੀਸ ਨਸ਼ਿਆਂ ਨੂੰ ਖਤਮ ਕਰਨ ਲਈ ਵੱਚਨਬੱਧ ਹੈ ਤੇ ਨਸ਼ਾ ਤਸਕਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਪੁਲੀਸ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਆ ਰਹੇ ਹਨ।