ਮਾਣ ਭੱਤਾ ਨਾ ਮਿਲਣ ਕਾਰਨ ਸਾਬਕਾ ਸਰਪੰਚ ਖ਼ਫ਼ਾ
ਬਲਾਕ ਅਮਲੋਹ ਦੇ ਸਾਲ 2019 ਤੋਂ 2024 ਤੱਕ ਦੀ ਟਰਮ ਦੇ ਸਾਬਕਾ ਸਰਪੰਚਾਂ ਦੀ ਮੀਟਿੰਗ ਸਾਬਕਾ ਸਰਪੰਚ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਪੰਚਾਂ ਦੇ ਮਾਣ ਭੱਤੇ ਸਬੰਧੀ ਆਏ ਫ਼ੈਸਲੇ ਦਾ...
ਬਲਾਕ ਅਮਲੋਹ ਦੇ ਸਾਲ 2019 ਤੋਂ 2024 ਤੱਕ ਦੀ ਟਰਮ ਦੇ ਸਾਬਕਾ ਸਰਪੰਚਾਂ ਦੀ ਮੀਟਿੰਗ ਸਾਬਕਾ ਸਰਪੰਚ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਪੰਚਾਂ ਦੇ ਮਾਣ ਭੱਤੇ ਸਬੰਧੀ ਆਏ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਜਿਸ ਵਿਚ ਅਦਾਲਤ ਨੇ ਸਾਬਕਾ ਸਰਪੰਚਾਂ ਨੂੰ ਤੁਰੰਤ ਬਣਦਾ ਮਾਣ ਭੱਤਾ ਦੇਣ ਦਾ ਹੁਕਮ ਦਿੱਤਾ ਹੈ। ਸ੍ਰੀ ਸਲਾਣਾ ਦੀ ਅਗਵਾਈ ਹੇਠ ਸਾਬਕਾ ਸਰਪੰਚਾਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਸਰਪੰਚਾਂ ਨੂੰ ਤੁਰੰਤ ਮਾਣ ਭੱਤੇ ਦੀ ਬਣਦੀ ਰਕਮ ਜਾਰੀ ਕੀਤੀ ਜਾਵੇ।
ਇਸ ਮੌਕੇ ਸਾਬਕਾ ਸਰਪੰਚ ਜਗਵਿੰਦਰ ਸਿੰਘ ਰਹਿਲ, ਗੁਰਪ੍ਰੀਤ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਜਸਵੰਤ ਸਿੰਘ ਖਨਿਆਣ, ਗੁਰਬਚਨ ਸਿੰਘ ਕਾਹਨਪੁਰ, ਕੁਲਵਿੰਦਰ ਕੌਰ ਲਾਡਪੁਰ ਅਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਚੰਦ ਸਿੰਘ ਨੇ ਭਰੋਸਾ ਦਿੱਤਾ ਕਿ ਮਾਣਭੱਤੇ ਦੀ ਰਕਮ ਜਲਦੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਮਲੋਹ ਬਲਾਕ ਅਧੀਨ 95 ਪੰਚਾਇਤਾਂ ਹਨ। ਇਨ੍ਹਾਂ ਵਿੱਚੋਂ 50 ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੰਜ ਸਾਲਾਂ ਦੀ ਬਣਦੀ ਰਕਮ 72 ਹਜ਼ਾਰ ਰੁਪਏ ਦਿੱਤੇ ਹਨ ਅਤੇ ਬਾਕੀ 45 ਸਰਪੰਚਾਂ ਦੇ ਮਾਣ ਭੱਤੇ ਦੀ ਰਕਮ ਰਹਿੰਦੀ ਹੈ ਜਿਸ ਨੂੰ ਜਲਦੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਚਾਇਤਾਂ ਕੋਲ ਫੰਡ ਨਹੀਂ ਹਨ, ਉਨ੍ਹਾਂ ਬਾਰੇ ਮੁੱਖ ਦਫ਼ਤਰ ਨੂੰ ਲਿਖਤੀ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵੀ ਮਾਣ ਭੱਤਾ ਮਿਲ ਸਕੇ।