ਸਾਬਕਾ ਮੰਤਰੀ ਜਗਮੋਹਨ ਕੰਗ ਵੱਲੋਂ ਅਨਾਜ ਮੰਡੀ ਦਾ ਦੌਰਾ
ਪੱਤਰ ਪ੍ਰੇਰਕ ਕੁਰਾਲੀ, 30 ਅਕਤੂਬਰ ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਆਗੂ ਜਗਮੋਹਨ ਸਿੰਘ ਕੰਗ ਨੇ ਸ਼ਹਿਰ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਸ੍ਰੀ ਕੰਗ ਨੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ...
ਪੱਤਰ ਪ੍ਰੇਰਕ
ਕੁਰਾਲੀ, 30 ਅਕਤੂਬਰ
ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਆਗੂ ਜਗਮੋਹਨ ਸਿੰਘ ਕੰਗ ਨੇ ਸ਼ਹਿਰ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ।
ਸ੍ਰੀ ਕੰਗ ਨੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਸ੍ਰੀ ਕੰਗ ਨੂੰ ਨਵੀਂ ਬਣੀ ਅਨਾਜ ਮੰਡੀ ਕਾਫ਼ੀ ਛੋਟੀ ਹੋਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਡੀ ਸ਼ੁਰੂ ਵਿੱਚ ਹੀ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕ ਰਹੀ ਹੈ। ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਨਵੀਂ ਮੰਡੀ ਕਰੀਬ 20 ਏਕੜ ਰਕਬੇ ਵਿੱਚ ਬਣਾਈ ਗਈ ਹੈ ਜਦਕਿ ਸ਼ਹਿਰ ਦੀ ਇਹ ਅਨਾਜ ਮੰਡੀ 30 ਏਕੜ ਰਕਬੇ ਵਿੱਚ ਬਣਾਉਣ ਦੀ ਤਜਵੀਜ਼ ਸੀ ਪਰ ਇਸ ਵਿੱਚੋਂ 10 ਏਕੜ ਜ਼ਮੀਨ ਕੱਢ ਦਿੱਤੀ ਗਈ। ਕਿਸਾਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਫ਼ਸਲ ਢੇਰੀ ਕਰਨ, ਸੁਕਾਉਣ ਤੋਂ ਇਲਾਵਾ ਢੇਰੀਆਂ ਲਗਾਉਣ ਵਿੱਚ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਮੰਡੀ ਦਾ ਕਾਫ਼ੀ ਹਿੱਸਾ ਹਾਲੇ ਕੱਚਾ ਹੈ ਅਤੇ ਸ਼ੈੱਡ ਵੀ ਕਾਫ਼ੀ ਘੱਟ ਹਨ। ਕਿਸਾਨਾਂ ਨੇ ਮੰਡੀ ਨੂੰ ਜੋੜਨ ਵਾਲੀਆਂ ਸੜਕਾਂ ਦੀ ਖਸਤਾ ਹਾਲਤ ਸਬੰਧੀ ਵੀ ਜਾਣੂ ਕਰਵਾਇਆ। ਇਸ ਦੌਰਾਨ ਸ੍ਰੀ ਕੰਗ ਨੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੂੰ ਲਿਖਣ ਦਾ ਭਰੋਸਾ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਕਿਹਾ।
ਡੀਸੀ ਨੇ ਘਨੌਲੀ ਮੰਡੀ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਘਨੌਲੀ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਡੀਸੀ ਨੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਬਾਰਦਾਨੇ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਪਰੰਤ ਕੁੱਝ ਦੇਰ ਬਾਅਦ ਬਾਰਦਾਨੇ ਦੀਆਂ ਕੁੱਝ ਗੱਠਾਂ ਮੰਡੀ ਵਿੱਚ ਪੁੱਜੀਆਂ, ਪਰ ਇਹ ਥੋੜੀ ਦੇਰ ਵਿੱਚ ਹੀ ਖਤਮ ਹੋ ਗਈਆਂ। ਡੀ.ਸੀ. ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਮੰਡੀ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨੇੜੇ ਬਾਹਰਲੇ ਰਾਜ ਤੋਂ ਆਉਣ ਵਾਲੀ ਫਸਲ ਦੀ ਆਮਦ ਨੂੰ ਰੋਕਣ ਲਈ ਲਗਾਏ ਗਏ ਇੰਟਰਸਟੇਟ ਨਾਕੇ ਦੀ ਚੈਕਿੰਗ ਵੀ ਕੀਤੀ।

