ਸਾਬਕਾ ਮੰਤਰੀ ਧਰਮਸੋਤ ਦਾ ਪੁੱਤਰ ਪੀਐੱਮਐੱਲਏ ਕੇਸ ਵਿੱਚ ਭਗੌੜਾ ਕਰਾਰ
ਮੋਹਾਲੀ ਦੀ ਇੱਕ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਲਤ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ 2024 ਦੇ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਨੇ ਫੌਜਦਾਰੀ ਜ਼ਾਬਤੇ (CrPC) ਦੀ ਧਾਰਾ 83 ਤਹਿਤ ਕੁਰਕੀ ਦੀ ਕਾਰਵਾਈ ਕਰਨ ਲਈ ਹਰਪ੍ਰੀਤ ਸਿੰਘ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ।
29 ਜੁਲਾਈ ਦੇ ਅਦਾਲਤੀ ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ਮੁਲਜ਼ਮ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਦਾ ਇਸ਼ਤਿਹਾਰ 28 ਮਾਰਚ, 2025 ਨੂੰ ਜਾਰੀ ਕੀਤਾ ਗਿਆ ਸੀ ਅਤੇ ਉਹ ਅੱਜ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਹੈ। 30 ਦਿਨਾਂ ਦੀ ਕਾਨੂੰਨੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਇਸ ਲਈ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਜਾਂਦਾ ਹੈ। ਸਬੰਧਤ ਥਾਣੇ ਨੂੰ ਲੋੜੀਂਦੀ ਸੂਚਨਾ ਦਿੱਤੀ ਜਾਵੇ।’’
ਸਾਧੂ ਸਿੰਘ ਧਰਮਸੋਤ ਇਸ ਵੇਲੇ ਪੀਐੱਮਐੱਲਏ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਹੈ। ਇਸ਼ਤਿਹਾਰ ਦੇ ਹੁਕਮਾਂ ਦੀ ਇੱਕ ਕਾਪੀ ਮੁਲਜ਼ਮ ਹਰਪ੍ਰੀਤ ਸਿੰਘ ਦੇ ਘਰ ਵਾਸੀ ਵਾਰਡ ਨੰਬਰ 6, ਅੰਨੀਆਂ ਰੋਡ, ਅਮਲੋਹ, ਫਤਿਹਗੜ੍ਹ ਸਾਹਿਬ ਵਿਖੇ ਚਿਪਕਾਈ ਗਈ ਹੈ। ਦੂਜੀ ਕਾਪੀ ਇੱਕ ਜਨਤਕ ਥਾਂ ’ਤੇ ਅਤੇ ਤੀਜੀ ਕਾਪੀ ਮੋਹਾਲੀ ਦੀ ਅਦਾਲਤ ਦੇ ਨੋਟਿਸ ਬੋਰਡ ’ਤੇ ਚਿਪਕਾਈ ਗਈ।
ਅਦਾਲਤ ਨੇ ਦੋਸ਼ ਆਇਦ ਕਰਨ ’ਤੇ ਵਿਚਾਰ ਕਰਨ ਲਈ ਮਾਮਲੇ ਦੀ ਸੁਣਵਾਈ 19 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ।