Son's death ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਤੋੜੀ ਚੁੱਪੀ, ਕਿਹਾ ‘ਸਿਟ’ ਜਾਂਚ ਵਿਚ ਸੱਚ ਸਾਹਮਣੇ ਆਏਗਾ
ਪਰਿਵਾਰ ’ਤੇ ਲੱਗੇ ਦੋਸ਼ਾਂ ਨੂੰ ‘ਝੂਠ’ ਤੇ ਪੁੱਤ ਨੂੰ ਮਾਨਸਿਕ ਵਿਕਾਰਾਂ ਤੋਂ ਪੀੜਤ ਦੱਸਿਆ
ਪੰਜਾਬ ਪੁਲੀਸ ਦੇ ਸਾਬਕਾ ਮੁਖੀ ਮੁਹੰਮਦ ਮੁਸਤਫਾ ਨੇ ਆਪਣੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਨੂੰ ਲੈ ਕੇ ਆਪਣੇ ਤੇ ਪਰਿਵਾਰ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ‘ਪੂਰੀ ਤਰ੍ਹਾਂ ਝੂਠਾ’ ਕਰਾਰ ਦਿੱਤਾ ਹੈ। ਸਾਬਕਾ ਡੀਜੀਪੀ ਨੇ ਮੰਗਲਵਾਰ ਨੂੰ ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਤੇ ਆਪਣੀ ਪਤਨੀ, ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਖ਼ਿਲਾਫ਼ ਦਰਜ ਪੁਲੀਸ ਕੇਸ ਦਾ ਸਵਾਗਤ ਕਰਦੇ ਹਨ, ਕਿਉਂਕਿ ਜਾਂਚ ਤੋਂ ਸੱਚ ਸਾਹਮਣੇ ਆ ਜਾਵੇਗਾ।
1985 ਬੈਚ ਦੇ ਸੇਵਾਮੁਕਤ ਆਈਪੀਐਸ ਅਧਿਕਾਰੀ ਮੁਸਤਫਾ ਅਤੇ ਸੁਲਤਾਨਾ ਖਿਲਾਫ਼ ਉਨ੍ਹਾਂ ਦੇ ਪੁੱਤਰ ਅਕੀਲ ਅਖਤਰ(35) ਦੀ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਘਰ ਵਿਚ ਹੋਈ ਮੌਤ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੰਚਕੂਲਾ ਵਿਚ ਦਰਜ ਐੱਫਆਈਆਰ ਵਿਚ ਅਖ਼ਤਰ ਦੀ ਪਤਨੀ ਅਤੇ ਭੈਣ ਦਾ ਨਾਮ ਵੀ ਸ਼ਾਮਲ ਹੈ। ਪਰਿਵਾਰ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਅਖ਼ਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਲਾਸ਼ ਨੂੰ ਮਗਰੋਂ ਸਹਾਰਨਪੁਰ ਨੇੜੇ ਪਰਿਵਾਰ ਦੇ ਜੱਦੀ ਪਿੰਡ ਹਰਦਾ ਖੇੜੀ ਵਿੱਚ ਸਪੁਰਦੇ ਖਾਕ ਕਰ ਦਿੱਤਾ ਗਿਆ।
ਅਕੀਲ ਅਖ਼ਤਰ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਜਾਰੀ ਵੀਡੀਓ ਵਿਚ ਮੁਸਤਫ਼ਾ ਤੇ ਹੋਰ ਪਰਿਵਾਰਕ ਮੈਂਬਰਾਂ ’ਤੇ ਲਾਏ ਸੰਗੀਨ ਦੋਸ਼ਾਂ ਬਾਰੇ ਸਾਬਕਾ ਡੀਜੀਪੀ ਨੇ ਕਿਹਾ ਕਿ ਉਸ ਦਾ ਪੁੱਤਰ ਕਰੀਬ 18 ਸਾਲਾਂ ਤੋਂ ਮਾਨਸਿਕ ਵਿਕਾਰ ਤੋਂ ਪੀੜਤ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਵੀ ਜੂਝ ਰਿਹਾ ਸੀ।
ਮੁਸਤਫਾ ਨੇ ਪੱਤਰਕਾਰਾਂ ਨੂੰ ਦੱਸਿਆ, "ਉਹ ਆਪਣੀ ਬਿਮਾਰੀ ਕਾਰਨ ਅਕਸਰ ਹਿੰਸਕ ਹੋ ਜਾਂਦਾ ਸੀ।’’ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਾਲਾਂ ਤੱਕ ਇਸ ਮਾਨਸਿਕ ਪੀੜਾ ਨੂੰ ਸਹਿਣ ਕੀਤਾ। ਮੁਸਤਫਾ ਨੇ ਕਿਹਾ, ‘‘ਉਸ (ਅਕੀਲ) ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ ਜਾਂ ਕਰ ਰਿਹਾ ਹੈ।’’
ਸਾਬਕਾ ਡੀਜੀਪੀ ਨੇ ਕਿਹਾ, ‘‘ਅਕੀਲ ਨੇ ਇੱਕ ਵਾਰ 2008 ਵਿੱਚ ਆਪਣੀ ਮਾਂ ਦਾ ਲੱਕ ਤੋੜ ਦਿੱਤਾ ਸੀ, ਪਰ ਪਰਿਵਾਰ ਨੇ ਇਹ ਕਹਿ ਕੇ ਇਸ ਗੱਲ ਨੂੰ ਛੁਪਾ ਲਿਆ ਕਿ ਉਹ ਡਿੱਗ ਗਈ ਹੈ। ਇੱਕ ਹੋਰ ਮੌਕੇ ’ਤੇ, ਅਖਤਰ ਨੇ ਆਪਣੀ ਪਤਨੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।’’ ਮੁਸਤਫਾ ਨੇ ਕਿਹਾ, ‘‘ਅਸੀਂ ਜਨਤਕ ਸ਼ਖਸੀਅਤਾਂ ਹਾਂ, ਇਸ ਲਈ ਅਸੀਂ ਇਨ੍ਹਾਂ ਮਾਮਲਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।’’
ਅਖ਼ਤਰ ਦੇ ਵੀਡੀਓ ਬਾਰੇ ਮੁਸਤਫ਼ਾ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਇਸ ਨੂੰ 27 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ ਅਤੇ ਦੋ ਘੰਟੇ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ। ਪਰ ਕੁਝ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਅਤੇ ਹੁਣ ‘ਪਰਿਵਾਰ ਨੂੰ ਬਦਨਾਮ ਕਰਨ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ।’
ਮੁਸਤਫਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦੇ ਗਠਨ ਦਾ ਪੂਰਾ ਸਮਰਥਨ ਕਰਦੇ ਹਨ ਅਤੇ ‘ਸੱਚਾਈ ਸਾਹਮਣੇ ਲਿਆਉਣ ਲਈ’ ਪੂਰਾ ਸਹਿਯੋਗ ਕਰਨਗੇ। ਮੁਸਤਫਾ ਨੇ ਪੰਜਾਬ ਦੇ ਮਾਲੇਰਕੋਟਲਾ ਦੇ ਵਸਨੀਕ ਸ਼ਮਸ਼ੂਦੀਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ। ਸ਼ਮਸ਼ੂਦੀਨ ਦੀ ਸ਼ਿਕਾਇਤ ’ਤੇ ਪੰਚਕੂਲਾ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਵਿਅਕਤੀ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਬਕਾ ਡੀਜੀਪੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਪੋਸਟਮਾਰਟਮ ਉਨ੍ਹਾਂ ਦੀ ਬੇਨਤੀ ’ਤੇ ਕੀਤਾ ਗਿਆ ਸੀ, ਪਰ ਰਿਪੋਰਟ ਅਜੇ ਜਾਰੀ ਨਹੀਂ ਕੀਤੀ ਗਈ ਹੈ। ਕਥਿਤ ਵੀਡੀਓ ਵਿੱਚ, ਅਖਤਰ ਨੇ ਪਰਿਵਾਰ ਨਾਲ ਸਬੰਧਤ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਤਣਾਅ ਵਿੱਚੋਂ ਲੰਘ ਰਿਹਾ ਸੀ। ਅਖ਼ਤਰ ਨੇ ਵੀਡੀਓ ਵਿਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਝੂਠੇ ਕੇਸ ਵਿੱਚ ਫਸਾਉਣਗੇ... ਉਨ੍ਹਾਂ ਦੀ ਯੋਜਨਾ ਮੈਨੂੰ ਝੂਠੇ ਕੈਦ ਕਰਨ ਜਾਂ ਇੱਥੋਂ ਤੱਕ ਕਿ ਮਾਰ ਦੇਣ ਦੀ ਹੈ, ਪਰ ਉਹ ਆਪਣਾ ਰਸਤਾ ਬਣਾਉਣ ਵਿੱਚ ਅਸਮਰੱਥ ਹਨ।’’ ਅਕੀਲ ਅਖ਼ਤਰ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਪਰਿਵਾਰਕ ਮੈਂਬਰ ਅਕਸਰ ਉਸ ਨੂੰ ਕਹਿੰਦੇ ਸਨ ਕਿ ਉਹ ਭਰਮ ਵਿੱਚ ਹੈ। ਉਸ ਨੇ ਦੋਸ਼ ਲਗਾਇਆ, ‘‘ਉਹ(ਪਰਿਵਾਰ) ਇੱਕ ਝੂਠਾ ਬਿਰਤਾਂਤ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’